ਡੇਅਰੀ ਵਿਕਾਸ ਵਿਭਾਗ ਨੇ ਲਗਾਇਆ ਮੁਫਤ ਦੁੱਧ ਪਰਖ ਕੈਂਪ

ਫਰੀਦਕੋਟ 10 ਅਪ੍ਰੈਲ ( ਸੰਪਰਕ ਸੂਤਰ, ਵਾਸ਼ਿਸ਼ਟ )

ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫਰੀਦਕੋਟ ਨਿਰਵੈਰ ਸਿੰਘ ਬਰਾੜ ਦੀ ਦੇਖ-ਰੇਖ ਹੇਠ ਗੁਰਲਾਲ ਸਿੰਘ ਡੇਅਰੀ ਵਿਕਾਸ ਇੰਸਪੈਕਟਰ, ਫਰੀਦਕੋਟ ਅਤੇ ਸੁਖਵਿੰਦਰ ਸਿੰਘ ਮੋਬਾਇਲ ਵੈਨ ਡਰਾਈਵਰ ਦੇ ਸਹਿਯੋਗ ਨਾਲ ਗ੍ਰੀਨ ਐਵੀਨਿਊ, ਫਰੀਦਕੋਟ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ।

ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਨੇ ਦੱਸਿਆ ਕਿ ਕੈਂਪ ਦੌਰਾਨ ਦੁੱਧ ਵਿੱਚ ਫੈਟ, ਐੱਸ.ਐਨ.ਐੱਫ., ਓਪਰੇ ਪਾਣੀ ਦੀ ਮਾਤਰਾ ਤੋਂ ਇਲਾਵਾ ਰਸਾਇਣ ਯੂਰੀਆ, ਕਾਸਟਿਕ ਸੋਢਾ ਅਤੇ ਸਟਾਰਚ ਆਦਿ ਦੀ ਪਰਖ ਵੀ ਕੀਤੀ ਗਈ। ਕੈਂਪ ਵਿੱਚ ਦੁੱਧ ਦੇ 23 ਸੈਂਪਲ ਟੈਸਟ ਕੀਤੇ ਗਏ, ਜਿਨਾਂ ਵਿਚੋਂ 18 ਸੈਂਪਲ ਮਿਆਰਾਂ ਅਨੁਸਾਰ ਅਤੇ 5 ਸੈਂਪਲਾਂ ਵਿੱਚ ਪਾਣੀ ਪਾਇਆ ਗਿਆ ਅਤੇ ਕਿਸੇ ਵੀ ਸੈਂਪਲ ਵਿੱਚ ਰਸਾਇਣਿਕ ਮਿਲਾਵਟ ਦੀ ਪੁਸ਼ਟੀ ਨਹੀਂ ਹੋਈ।

ਉਨਾਂ ਫਰੀਦਕੋਟ ਦੇ ਖਪਤਕਾਰਾਂ ਨੂੰ ਚੰਗੀ ਗੁਣਵੱਤਾ ਵਾਲਾ ਦੁੱਧ ਵਰਤਣ ਲਈ ਪ੍ਰੇਰਿਤ ਕੀਤਾ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਦੁੱਧ ਖਪਤਕਾਰ ਫਰੀਦਕੋਟ ਦਫਤਰ ਵਿਖੇ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ 11 ਵਜੇ ਤੱਕ ਡਿਪਟੀ ਡਾਇਰੈਕਟਰ ਡੇਅਰੀ ਫਰੀਦਕੋਟ ਵਿਖੇ ਮੁਫਤ ਦੁੱਧ ਚੈੱਕ ਕਰਵਾ ਸਕਦੇ ਹਨ ਅਤੇ ਆਪਣੇ ਮੁਹੱਲੇ ਵਿੱਚ ਕੈਂਪ ਲਗਾਉਣ ਲਈ ਇਸ ਦਫਤਰ ਦੇ ਫੋਨ ਨੰ.01639-250380 ਤੇ ਸੰਪਰਕ ਕਰ ਸਕਦੇ ਹਨ।

ਇਸ ਮੌਕੇ ਜਗਪਾਲ ਸਿੰਘ ਬਰਾੜ, ਭਜਨ ਸਿੰਘ ਬਰਾੜ ਪ੍ਰਧਾਨ ਗੁਰਦੁਆਰਾ ਕਮੇਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।




