Uncategorized

ਸੜਕ ਸੁਰੱਖਿਆ ਫੋਰਸ ਰੋਜ਼ਾਨਾਂ ਬਚਾ ਰਹੀ ਹੈ ਕੀਮਤੀ ਜਾਨਾਂ : ਐਸ.ਐਸ.ਪੀ.

ਸੜਕ ਸੁਰੱਖਿਆ ਫੋਰਸ ਦੀ ਮਦਦ ਲੈਣ ਲਈ ਹੈਲਪਲਾਈਨ ਨੰਬਰ 112 ਕਰੋ ਡਾਇਲ

ਮਾਲੇਰਕੋਟਲਾ, 09 ਅਪ੍ਰੈਲ ( ਵਾਸ਼ਿਸ਼ਟ )


ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਲੋਕਾਂ ਦੀ ਸੁਰੱਖਿਆ ਅਤੇ ਭਲਾਈ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਸੜਕ ਹਾਦਸਿਆਂ ਦੌਰਾਨ ਜ਼ਖ਼ਮੀਆਂ ਨੂੰ ਤੁਰੰਤ ਮਦਦ ਅਤੇ ਕੀਮਤੀ ਜਾਨਾਂ ਬਚਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ.) ਸੂਬੇ ਭਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਇਹ ਜਾਣਕਾਰੀ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਮਾਲੇਰਕੋਟਲਾ ਗਗਨ ਅਜੀਤ ਸਿੰਘ ਵੱਲੋਂ ਸਾਂਝੀ ਕੀਤੀ ਗਈ।

ਐਸ.ਐਸ.ਪੀ. ਗਗਨ ਅਜੀਤ ਸਿੰਘ ਨੇ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਦੇ ਕਾਰਜਸ਼ੀਲ ਹੋਣ ਨਾਲ ਸੜਕ ਹਾਦਸਿਆਂ ਦੌਰਾਨ ਤੁਰੰਤ ਮਦਦ ਮੁਹੱਈਆ ਕਰਵਾਉਣ ਵਿੱਚ ਕਾਫ਼ੀ ਸੁਧਾਰ ਆਇਆ ਹੈ। ਉਨ੍ਹਾਂ ਕਿਹਾ ਕਿ ਐਸ.ਐਸ.ਐਫ. ਦੀਆਂ ਟੀਮਾਂ ਹਾਈਵੇਅ ਅਤੇ ਮੁੱਖ ਸੜਕਾਂ ’ਤੇ ਲਗਾਤਾਰ ਗਸ਼ਤ ਕਰਦੀਆਂ ਰਹਿੰਦੀਆਂ ਹਨ ਅਤੇ ਜਿਵੇਂ ਹੀ ਕਿਸੇ ਹਾਦਸੇ ਜਾਂ ਐਮਰਜੈਂਸੀ ਸਥਿਤੀ ਬਾਰੇ ਜਾਣਕਾਰੀ ਮਿਲਦੀ ਹੈ, ਟੀਮ ਤੁਰੰਤ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਮੁਢਲੀ ਸਹਾਇਤਾ ਮੁਹੱਈਆ ਕਰਵਾਉਂਦੀ ਹੈ ਅਤੇ ਲੋੜ ਪੈਣ ’ਤੇ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਤੱਕ ਵੀ ਪਹੁੰਚਾਉਂਦੀ ਹੈ।

ਉਨ੍ਹਾਂ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਰੇਂਜ ਅਧੀਨ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਐਸ.ਐਸ.ਐਫ. ਦੀ ਟੀਮ ਕਾਰਜਸ਼ੀਲ ਹੈ, ਜੋ ਸੜਕ ਹਾਦਸਿਆਂ ਜਾਂ ਹੋਰ ਐਮਰਜੈਂਸੀ ਸਥਿਤੀਆਂ ਵਿੱਚ ਤੁਰੰਤ ਮਦਦ ਲਈ ਤਤਪਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਹੁਣ ਤੱਕ ਕੁੱਲ 527 ਸੜਕ ਦੁਰਘਟਨਾਵਾਂ ਮੌਕੇ ’ਤੇ ਪਹੁੰਚ ਕੇ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਕਈ ਗੰਭੀਰ ਰੂਪ ਵਿੱਚ ਜ਼ਖ਼ਮੀ ਵਿਅਕਤੀਆਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਐਸ.ਐਸ.ਪੀ. ਨੇ ਕਿਹਾ ਕਿ ਸੜਕ ਹਾਦਸਿਆਂ ਦੌਰਾਨ ਪਹਿਲੇ ਕੁਝ ਮਿੰਟ ਬਹੁਤ ਹੀ ਅਹਿਮ ਹੁੰਦੇ ਹਨ ਅਤੇ ਸਮੇਂ ਸਿਰ ਮਿਲੀ ਮਦਦ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਸੜਕ ਸੁਰੱਖਿਆ ਫੋਰਸ ਇਸ ਮਕਸਦ ਨੂੰ ਧਿਆਨ ਵਿੱਚ ਰੱਖਦਿਆਂ ਲਗਾਤਾਰ ਲੋਕਾਂ ਦੀ ਸੇਵਾ ਵਿੱਚ ਤਤਪਰ ਹੈ।

ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਸਫ਼ਰ ਦੌਰਾਨ ਕਿਸੇ ਵੀ ਤਰ੍ਹਾਂ ਦੀ ਸੜਕ ਦੁਰਘਟਨਾ ਜਾਂ ਐਮਰਜੈਂਸੀ ਸਥਿਤੀ ਵਾਪਰਦੀ ਹੈ ਤਾਂ ਤੁਰੰਤ ਹੈਲਪਲਾਈਨ ਨੰਬਰ 112 ਡਾਇਲ ਕੀਤਾ ਜਾਵੇ, ਤਾਂ ਜੋ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਤੁਰੰਤ ਮੌਕੇ ’ਤੇ ਪਹੁੰਚ ਕੇ ਲੋੜਵੰਦਾਂ ਨੂੰ ਮਦਦ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਸਹਿਯੋਗ ਅਤੇ ਜਾਗਰੂਕਤਾ ਸੜਕ ਹਾਦਸਿਆਂ ਨੂੰ ਘਟਾਉਣ ਅਤੇ ਜਾਨਾਂ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!