ਮਰਹੂਮ ਆਕਿਲ ਅਖਤਰ ਦੀ ਯਾਦ ’ਚ ਪਿੰਡ ਹਥਨ ਦੇ ਵਾਸੀਆਂ ਲਈ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਦੇ ਪਰਿਵਾਰ ਵੱਲੋਂ ਐਂਬੂਲੈਂਸ ਕੀਤੀ ਗਈ ਭੇਟ,
ਬੇਟੇ ਨੂੰ ਯਾਦ ਕਰ ਭਾਵੁਕ ਹੋਏ ਮੁਹੰਮਦ ਮੁਸਤਫਾ ਤੇ ਬੀਬੀ ਰਜ਼ੀਆ ਸੁਲਤਾਨਾ

ਮਾਲੇਰਕੋਟਲਾ, 1 ਅਪ੍ਰੈਲ ( ਵਾਸ਼ਿਸ਼ਟ )

ਆਪਣੇ ਇਕਲੌਤੇ ਨੌਜਵਾਨ ਬੇਟੇ ਮਰਹੂਮ ਆਕਿਲ ਅਖਤਰ ਦੀ ਯਾਦ ਨੂੰ ਸਦੀਵੀਂ ਬਣਾਈ ਰੱਖਣ ਲਈ ਸਾਬਕਾ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਅਤੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਦੇ ਪਰਿਵਾਰ ਵੱਲੋਂ ਹਲਕਾ ਮਾਲੇਰਕੋਟਲਾ ਦੇ ਸਭ ਤੋਂ ਵੱਡੇ ਪਿੰਡ ਹਥਨ ਲਈ ‘ਆਕਿਲ ਅਖਤਰ ਯਾਦਗਾਰੀ ਐਂਬੂਲੈਂਸ’ ਪਿੰਡ ਵਾਸੀਆਂ ਨੂੰ ਭੇਂਟ ਕੀਤੀ ਗਈ।ਪਿੰਡ ਵਾਸੀਆਂ ਨੂੰ ਐਂਬੂਲੈਂਸ ਦੀਆਂ ਚਾਬੀਆਂ ਭੇਂਟ ਕਰਨ ਦੀ ਰਸਮ ਮਰਹੂਮ ਆਕਿਲ ਅਖਤਰ ਦੇ ਮਾਸੂਮ ਬੱਚਿਆਂ ਸਾਰਾ ਅਖਤਰ ਅਤੇ ਅਜ਼ਲਾਨ ਅਖਤਰ ਵੱਲੋਂ ਨਿਭਾਈ ਗਈ।

ਇਸ ਮੌਕੇ ਸਾਬਕਾ ਕੈਬਨਿਟ ਮਤਰੀ ਬੀਬੀ ਰਜ਼ੀਆ ਸੁਲਤਾਨਾ ਅਤੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਦੇ ਨਾਲ ਮਰਹੂਮ ਆਕਿਲ ਅਖਤਰ ਦੀ ਪਤਨੀ ਬੀਬਾ ਜ਼ੈਨਬ ਅਖਤਰ ਸਾਬਕਾ ਚੇਅਰਪਰਸਨ ਪੰਜਾਬ ਵਕਫ ਬੋਰਡ ਅਤੇ ਭੈਣ ਬੀਬਾ ਨਿਸ਼ਾਤ ਅਖਤਰ ਪ੍ਰਧਾਨ ਜ਼ਿਲ੍ਹਾ ਕਾਂਗਰਸ ਮਾਲੇਰਕੋਟਲਾ ਵੀ ਮੌਜੂਦ ਸਨ।

ਇਸ ਮੌਕੇ ਜੁੜੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਨੇ ਭਰੇ ਮਨ ਨਾਲ ਕਿਹਾ ਕਿ ਉਹ ਸਾਰੀਆਂ ਲੋੜੀਂਦੀਆਂ ਸਹੂਲਤਾਂ ਹੋਣ ਦੇ ਬਾਵਜੂਦ ਆਪਣੇ ਦਿਲ ਦੇ ਟੁਕੜੇ ਨੂੰ ਤਾਂ ਨਹੀਂ ਬਚਾ ਸਕੇ ਪ੍ਰੰਤੂ ਉਨ੍ਹਾਂ ਦੀ ਇੱਛਾ ਹੈ ਕਿ ਸਮੇਂ ਸਿਰ ਇਲਾਜ ਨਾ ਮਿਲਣ ਕਰਕੇ ਕੋਈ ਵੀ ਕੀਮਤੀ ਜਾਨ ਅਜਾਈਂ ਨਾ ਚਲੀ ਜਾਵੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਰਹੂਮ ਬੇਟੇ ਦੀ ਯਾਦ ਵਿਚ ਇਹ ਐਂਬੂਲੈਂਸ ਗੱਡੀ ਪਿੰਡ ਵਾਸੀਆਂ ਦੀ ਸੇਵਾ ਵਿਚ ਹਰ ਵੇਲੇ ਉਪਲਬਧ ਰਹੇਗੀ।ਇਸ ਐਂਬੂਲੈਂਸ ਦੇ ਸਮੁੱਚੇ ਪ੍ਰਬੰਧਾਂ ਲਈ ਕਿਸਾਨ ਆਗੂ ਚਮਕੌਰ ਸਿੰਘ ਹਥਨ ਦੀ ਅਗਵਾਈ ਹੇਠ ਪਿੰਡ ਦੀ ਇਕ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ।

ਇਸ ਕਮੇਟੀ ਵਿਚ ਚਮਕੌਰ ਸਿੰਘ ਦੇ ਨਾਲ ਗੁਰਬਾਜ਼ ਸਿੰਘ, ਰਘਵੀਰ ਸਿੰਘ, ਰਣਜੀਤ ਸਿੰਘ, ਮੁਹੰਮਦ ਕਾਸਿਮ, ਪੰਚਾਇਤ ਸਮਿਤੀ ਮੈਂਬਰ ਬੀਬੀ ਸੁਖਪਾਲ ਕੌਰ ਅਤੇ ਮਨਿੰਦਰ ਸਿੰਘ ਮਿੰਟੂ ਨੂੰ ਸ਼ਾਮਿਲ ਕੀਤਾ ਗਿਆ ਹੈ।ਉਨ੍ਹਾਂ ਐਂਬੂਲੈਂਸ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਇਹ ਐਂਬੂਲੈਂਸ ਬਿਨਾਂ ਕਿਸੇ ਵਿਤਕਰੇ ਹਰ ਲੋੜਵੰਦ ਵਿਅਕਤੀ ਲਈ ਹਰ ਸਮੇਂ ਉਪਲਬਧ ਰਹਿਣੀ ਚਾਹੀਦੀ ਹੈ।

ਉਨ੍ਹਾਂ ਐਲਾਨ ਕੀਤਾ ਕਿ ਮਾਲੇਰਕੋਟਲਾ ’ਚ ਸਰਕਾਰੀ ਮੈਡੀਕਲ ਕਾਲਜ ਦੀ ਉਸਾਰੀ ਅਗਲੇ ਵਰ੍ਹੇ ਕਾਂਗਰਸ ਸਰਕਾਰ ਬਣਦਿਆਂ ਹੀ ਸ਼ੁਰੂ ਕਰ ਦਿੱਤੀ ਜਾਵੇਗੀ।ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਆਪਣੇ ਮਰਹੂਮ ਬੇਟੇ ਨੂੰ ਯਾਦ ਕਰਕੇ ਭਾਵੁਕ ਹੋ ਗਈ ਅਤੇ ਭਰੇ ਮਨ ਨਾਲ ਲੋਕਾਂ ਦਾ ਸਿਰਫ ਧੰਨਵਾਦ ਹੀ ਕਰ ਸਕੀ।

ਇਸ ਮੌਕੇ ਮਾਲੇਰਕੋਟਲਾ ਹਾਊਸ ਦੇ ਮੁੱਖ ਬੁਲਾਰੇ ਮੁਹੰਮਦ ਅਨਵਾਰ ਮਹਿਬੂਬ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ,ਸਾਬਕਾ ਚੇਅਰਮੈਨ ਕਰਮਜੀਤ ਸਿੰਘ ਭੂਦਨ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਮੇਜਰ ਸਿੰਘ ਬੁਰਜ, ਸਹਿਬਾਜ਼ ਇੰਤੀ, ਮਹਿਮੂਦ ਰਾਣਾ ਅਤੇ ਹਾਜੀ ਮੁਹੰਮਦ ਹੁਸੈਨ ਲਾਲੀ ਆਦਿ ਆਗੂ ਵੀ ਮੌਜੂਦ ਸਨ।ਪਿੰਡ ਵਾਸੀਆਂ ਵੱਲੋਂ ਸਾਬਕਾ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ, ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਬੀਬਾ ਨਿਸ਼ਾਤ ਅਖਤਰ, ਬੀਬਾ ਜ਼ੈਨਬ ਅਖਤਰ ਸਾਬਕਾ ਚੇਅਰਪਰਸ਼ਨ ਪੰਜਾਬ ਵਕਫ ਬੋਰਡ, ਬੇਟੀ ਸਾਰਾ ਅਖਤਰ ਅਤੇ ਬੇਟੇ ਅਜ਼ਲਾਨ ਅਖਤਰ ਨੂੰ ਪਿੰਡ ਲਈ ਐਂਬੂਲੈਂਸ ਗੱਡੀ ਭੇਟ ਕਰਨ ਬਦਲੇ ਸਨਮਾਨਿਤ ਕੀਤਾ ਗਿਆ।




