Uncategorized

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ – ਜੰਮੂ

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ, ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨੀ ਮੈਂਬਰ ਚੁਣੇ ਗਏ

ਚੰਡੀਗੜ੍ਹ, 31 ਮਾਰਚ ( ਵਾਸ਼ਿਸ਼ਟ )


ਇੰਡੀਅਨ ਜਰਨਲਿਸਟਸ ਯੂਨੀਅਨ (ਆਈ.ਜੇ.ਯੂ) ਦੀ 11ਵੀਂ ਨੈਸ਼ਨਲ ਪਲੈਨਰੀ ਨੇ ਵਿਜੇਵਾੜਾ ਵਿੱਚ ਆਪਣੀ ਨਵੀਂ ਰਾਸ਼ਟਰੀ ਕਾਰਜਕਾਰੀ ਕਮੇਟੀ ਦਾ ਐਲਾਨ ਕੀਤਾ ਹੈ ਅਤੇ ਇਸ ਮੌਕੇ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਪੰਜਾਬ ਦੇ ਬਲਵਿੰਦਰ ਸਿੰਘ ਜੰਮੂ ਨੇ ਕੌਮੀ ਪ੍ਰਧਾਨ ਅਤੇ ਆਂਧਰਾ ਪ੍ਰਦੇਸ਼ ਦੇ ਆਗੂ ਡੀ. ਸੋਮ ਸੁੰਦਰ ਨੇ ਸਕੱਤਰ ਜਨਰਲ ਦਾ ਅਹੁਦਾ ਸੰਭਾਲ ਲਿਆ ਹੈ।

ਅਹੁਦਾ ਸੰਭਾਲਣ ਬਾਅਦ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਨੇ ਸੰਬੋਧਨ ਕਰਦਿਆਂ ਪੱਤਰਕਾਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਸੂਬਾ ਪੱਧਰ ‘ਤੇ ਸੈਮੀਨਾਰ ਅਤੇ ਕਨਵੈੱਨਸ਼ਨਾਂ ਕਰ ਕੇ ਸੰਘਰਸ਼ ਦੀ ਰੂਪਰੇਖਾ ਤਿਆਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੀਡੀਆ ਉੱਪਰ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ, ਵਧ ਰਹੇ ਠੇਕੇਦਾਰੀ ਪ੍ਰਬੰਧ, ਪ੍ਰੈੱਸ ਦੀ ਅਜ਼ਾਦੀ ਉੱਪਰ ਵੱਧ ਰਹੇ ਹਮਲਿਆਂ ਕਾਰਨ ਪੱਤਰਕਾਰੀ ਗੰਭੀਰ ਸੰਕਟ ਦਾ ਸ਼ਿਕਾਰ ਹੈ।

ਇਸ ਮੌਕੇ ਚੋਣ ਅਧਿਕਾਰੀ ਸੀਨੀਅਰ ਪੱਤਰਕਾਰ ਐੱਮ.ਏ ਮਾਜ਼ਿਦ ਨੇ ਨਤੀਜਿਆਂ ਦਾ ਐਲਾਨ ਕੀਤਾ। ਜਿਸ ਵਿੱਚ ਪੰਜਾਬ ਦੇ ਇਕ ਹੋਰ ਸੀਨੀਅਰ ਆਗੂ ਬਲਬੀਰ ਸਿੰਘ ਜੰਡੂ ਕੌਮੀ ਖ਼ਜ਼ਾਨਚੀ, ਅਮਰ ਮੋਹਨ ਪ੍ਰਸਾਦ (ਬਿਹਾਰ) ਅਤੇ ਵਾਈ. ਨਰਿੰਦਰ ਰੈਡੀ (ਤੇਲੰਗਾਨਾ) ਕੌਮੀ ਮੀਤ ਪ੍ਰਧਾਨ ਅਤੇ ਨਰਿੰਦਰ ਭਾਰਦਵਾਜ (ਉੱਤਰ ਪ੍ਰਦੇਸ਼), ਡੀ.ਐੱਸ.ਆਰ ਸੁਭਾਸ਼ (ਤਾਮਿਲਨਾਡੂ) ਅਤੇ ਪੀ. ਭਾਸਕਰ ਰੈਡੀ (ਕਰਨਾਟਕ) ਨੂੰ ਨਿਰਵਿਰੋਧ ਕੌਮੀ ਸਕੱਤਰ ਚੁਣੇ ਜਾਣ ਦਾ ਐਲਾਨ ਕੀਤਾ ਗਿਆ।

ਪੰਜਾਬ ਦੀ ਸੀਨੀਅਰ ਪੱਤਰਕਾਰ ਬਿੰਦੂ ਸਿੰਘ ਸਮੇਤ ਹੋਰ ਰਾਜਾਂ ਦੇ 14 ਮੈਂਬਰਾਂ ਨੂੰ ਵੀ ਕੌਮੀ ਕਾਰਜਕਾਰਨੀ ਲਈ ਚੁਣ ਲਿਆ ਗਿਆ। ਪੰਜਾਬ ਅਤੇ ਚੰਡੀਗੜ੍ਹ ਦੇ ਸੂਬਾਈ ਪ੍ਰਧਾਨ ਜੈ ਸਿੰਘ ਛਿੱਬਰ ਅਤੇ ਸਕੱਤਰ ਜਨਰਲ ਸੰਤੋਖ ਗਿੱਲ ਸਮੇਤ ਦੂਜੇ ਸੂਬਿਆਂ ਦੇ ਪ੍ਰਧਾਨ ਅਤੇ ਸਕੱਤਰ ਜਨਰਲ ਵੀ ਕੌਮੀ ਕਾਰਜਕਾਰਨੀ ਵਿੱਚ ਸ਼ਾਮਲ ਕੀਤੇ ਗਏ ਹਨ।

ਇੰਡੀਅਨ ਜਰਨਲਿਸਟਸ ਯੂਨੀਅਨ ਨੇ ਸਰਬਸੰਮਤੀ ਨਾਲ ਦੇਸ਼ ਭਰ ਵਿੱਚ 5 ਪੱਤਰਕਾਰਾਂ ਦੇ ਮਾਰੇ ਜਾਣ, ਪੰਜਾਬ ਸਮੇਤ ਹੋਰ ਰਾਜਾਂ ਦੇ ਦਰਜਨਾਂ ਪੱਤਰਕਾਰਾਂ ਉੱਪਰ ਜਾਨਲੇਵਾ ਹਮਲੇ, ਝੂਠੇ ਕੇਸ ਦਰਜ ਕਰਨ ਅਤੇ ਡਿਜੀਟਲ ਪ੍ਰੇਸ਼ਾਨੀਆਂ ਦੀ ਜ਼ੋਰਦਾਰ ਨਿੰਦਾ ਤੋਂ ਇਲਾਵਾ ਸੱਚ ਦੀ ਅਵਾਜ਼ ਨੂੰ ਦਬਾਉਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਇਸ਼ਤਿਹਾਰਬਾਜ਼ੀ ਦੀ ਹਥਿਆਰ ਵਜੋਂ ਦੁਰਵਰਤੋਂ ਉਪਰ ਫ਼ੌਰੀ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ।

ਪੱਤਰਕਾਰਾਂ ਦੀ ਸੁਰੱਖਿਆ ਲਈ ਵਿਸ਼ੇਸ਼ ਕਾਨੂੰਨ, ਕੌਮੀ ਅਤੇ ਰਾਜ ਪੱਧਰ ਉਪਰ ਮੀਡੀਆ ਕਮਿਸ਼ਨ ਕਾਇਮ ਕਰਨ ਤੋਂ ਇਲਾਵਾ ਕੌਮੀ ਪ੍ਰੈੱਸ ਕੌਂਸਲ ਦੀ ਥਾਂ ਪ੍ਰਭਾਵਸ਼ਾਲੀ ਮੀਡੀਆ ਕੌਂਸਲ ਬਣਾਉਣ ਦੀ ਵੀ ਮੰਗ ਸਮੇਤ 10 ਮਤੇ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ ਹਨ। ਪੰਜਾਬ ਦੀ ਆਗੂ ਟੀਮ ਵੱਲੋਂ ਅਹੁਦਾ ਛੱਡ ਰਹੇ ਕੌਮੀ ਪ੍ਰਧਾਨ ਕੇ ਸ੍ਰੀ ਨਿਵਾਸ ਰੈਡੀ, ਨਵੇਂ ਚੁਣੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਅਤੇ ਸਕੱਤਰ ਜਨਰਲ ਡੀ.ਸੋਮ ਸੁੰਦਰ ਦਾ ਸਨਮਾਨ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button
error: Content is protected !!