ਮਾਮਲਾ ਤੇਜਿੰਦਰ ਸਿੰਘ ਨੰਗਲ ਨਾਲ ਹੋਈ ਵਧੀਕੀ ਦਾ ਪੁਲਿਸ ਕਰਮਚਾਰੀਆਂ ਤੇ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਡੀ.ਸੀ. ਦਫਤਰਾਂ ਦੇ ਕਾਮਿਆਂ ਵਲੋਂ ਮੁੜ ਤਿੱਖਾ ਸੰਘਰਸ਼ ਵਿਢਣ ਦਾ ਐਲਾਨ
ਡੀ.ਸੀ. ਦਫਤਰ, ਐਸ.ਡੀ.ਐਮ ਅਤੇ ਤਹਿਸੀਲ ਦਫਤਰਾਂ ਦੇ ਕਾਮੇ ਪੰਜਾਬ ਸਰਕਾਰ ਅਤੇ ਐਸ.ਐਚ.ਓ. ਨਰੇਸ਼ ਕੁਮਾਰ ਦੇ ਫੂਕਣਗੇ ਪੁਤਲੇ

ਮਾਲੇਰਕੋਟਲਾ, 26 ਮਾਰਚ ( ਵਾਸ਼ਿਸ਼ਟ )

ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨਾਲ ਥਾਣਾ ਜੰਡਿਆਲਾ ਗੁਰੂ ਦੇ ਮੁਖੀ ਨਰੇਸ਼ ਕੁਮਾਰ ਤੇ ਸਿਪਾਹੀ ਮਲੂਕ ਸਿੰਘ ਵਲੋਂ ਬਦਸਲੂਕੀ ਕਰਨ, ਉਨ੍ਹਾਂ ਦੇ ਪਰਿਵਾਰ ਨਾਲ ਧੱਕਾ ਕਰਨ ਤੇ ਧਮਕੀਆਂ ਦੇਣ ਦੇ ਮਾਮਲੇ ਸਬੰਧੀ ਉਨ੍ਹਾਂ ਨੂੰ ਹਵਾਲਾਤ ਵਿਚ ਬੰਦ ਕਰਨ ਦੇ ਮਾਮਲੇ ਨੂੰ ਲੈ ਕੇ ਬੀਤੇ ਦਿਨੀਂ ਸੂਬੇ ਭਰ ਦੇ ਡੀ.ਸੀਂ ਦਫਤਰ ਕਰਮਚਾਰੀਆਂ ਨੇ ਦੋ ਦਿਨਾਂ ਹੜਤਾਲ ਕਰਕੇ ਅੰਮ੍ਰਿਤਸਰ ਦਿਹਾਤੀ ਦੇ ਜਿ਼ਲ੍ਹਾ ਪੁਲਿਸ ਮੁਖੀ ਦੇ ਦਫਤਰ ਦੇ ਬਾਹਰ ਰੋਸ ਵਿਖਾਵਾ ਕੀਤਾ ਸੀ

ਜਿਸ ਉਪਰੰਤ ਦੋਹਾਂ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰਕੇ ਪੰਜ ਦਿਨਾਂ ਦੇ ਵਿਚ ਵਿਸ਼ੇਸ਼ ਜਾਂਚ ਟੀਮ ਵੱਲੋਂ ਰਿਪੋਰਟ ਮੰਗਣ ਅਤੇ ਸਬੰਧਤ ਕਰਮਚਾਰੀਆਂ ਵਿਰੁੱਧ ਕੇਸ ਦਰਜ ਕਰਨ ਦੇ ਭਰੋਸੇ ਤੋਂ ਬਾਅਦ ਕਰਮਚਾਰੀਆਂ ਨੇ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ ਸੀ ਪਰ ਪੁਲਿਸ ਦੀ ਲਾਰੇ ਲਗਾਉਣ ਦੀ ਨੀਤੀ ਨੂੰ ਵੇਖਦੇ ਹੋਏ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਵੱਲੋਂ ਮੁੜ ਸੂਬਾ ਪੱਧਰੀ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਦੇ ਜਿ਼ਲ੍ਹਾ ਪ੍ਰਧਾਨ ਸ: ਸ਼ਰਨਵੀਰ ਸਿੰਘ ਅਤੇ ਜਨਰਲ ਸਕੱਤਰ ਸ੍ਰੀ ਦਿਲਜਾਨ ਅਲੀ ਨੇ ਦੱਸਿਆ ਕਿ 27 ਮਾਰਚ ਨੂੰ ਪੰਜਾਬ ਭਰ ਵਿਚ ਪੰਜਾਬ ਸਰਕਾਰ ਅਤੇ ਐਸ.ਐਚ.ਓ. ਨਰੇਸ਼ ਕੁਮਾਰ ਦੇ ਪੁਤਲੇ ਫੂਕੇ ਜਾਣਗੇ।30 ਮਾਰਚ ਨੂੰ ਸੂਬੇ ਦੇ ਵੱਖ ਵੱਖ ਸ਼ਹਿਰਾਂ ਵਿਚ ਮੋਟਰ ਸਾਇਕਲ ਰੈਲੀਆਂ ਕੀਤੀਆਂ ਜਾਣਗੀਆਂ ਅਤੇ 2 ਅਪ੍ਰੈਲ ਨੂੰ ਇਨਸਾਫ਼ ਦੀ ਮੰਗ ਨੂੰ ਲੈ ਕੇ ਮੁੜ ਐਸ.ਐਸ.ਪੀ. ਦਫਤਰ ਦਿਹਾਤੀ ਦਾ ਘਿਰਾਓ ਕਰਕੇ ਰੋਸ ਧਰਨਾ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਜੇਕਰ ਸਬੰਧਤ ਪੁਲਿਸ ਕਰਮਚਾਰੀਆਂ ਵਿਰੁੱਧ ਕੇਸ ਦਰਜ ਨਾ ਕੀਤਾ ਗਿਆ ਤਾਂ 7 ਅਪ੍ਰੈਲ ਨੂੰ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿਖੇ ਵਿਧਾਇਕ ਦੇ ਘਰ ਦਾ ਘਿਰਾਓ ਕਰਕੇ ਸੂਬਾ ਪੱਧਰੀ ਰੋਸ ਵਿਖਾਵਾ ਕੀਤਾ ਜਾਵੇਗਾ।




