ਡੀਸੀ ਪੂਨਮਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਐਲਪੀਜੀ ਗੈਸ ਸਪਲਾਈ ਅਤੇ ਰੇਟਾਂ ਸਬੰਧੀ ਚੈਕਿੰਗ

ਫ਼ਰੀਦਕੋਟ, 15 ਮਾਰਚ ( ਸੂਤਰ )

ਡਿਪਟੀ ਕਮਿਸ਼ਨਰ ਫਰੀਦਕੋਟ ਮੈਡਮ ਪੂਨਮਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸ. ਗੁਰਜੀਤ ਸਿੰਘ ਦਿਓਲ ਵੱਲੋਂ ਵੱਖ-ਵੱਖ ਟੀਮਾਂ ਬਣਾਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਐਲਪੀਜੀ ਗੈਸ ਦੀ ਸਪਲਾਈ ਅਤੇ ਵਸੂਲੇ ਜਾ ਰਹੇ ਰੇਟਾਂ ਸਬੰਧੀ ਚੈਕਿੰਗ ਕੀਤੀ ਗਈ। ਇਹ ਚੈਕਿੰਗ ਐਲਪੀਜੀ ਗੈਸ ਸਬੰਧੀ ਫੈਲ ਰਹੀਆਂ ਅਫਵਾਵਾਂ ਦੇ ਮੱਦੇਨਜ਼ਰ ਕੀਤੀ ਗਈ।

ਚੈਕਿੰਗ ਦੌਰਾਨ ਮੌਕੇ ’ਤੇ ਮੌਜੂਦ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਐਲਪੀਜੀ ਗੈਸ ਸਿਲੰਡਰ ਸਬੰਧੀ ਕੋਈ ਸਮੱਸਿਆ ਨਹੀਂ ਆ ਰਹੀ ਅਤੇ ਨਾ ਹੀ ਕਿਸੇ ਵੀ ਏਜੰਸੀ ਵੱਲੋਂ ਉਨ੍ਹਾਂ ਕੋਲੋਂ ਵੱਧ ਪੈਸੇ ਵਸੂਲੇ ਜਾ ਰਹੇ ਹਨ।

ਇਸ ਮੌਕੇ ਡੀਐਫਐਸਸੀ ਸ. ਗੁਰਜੀਤ ਸਿੰਘ ਦਿਓਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਲਪੀਜੀ ਗੈਸ ਸਬੰਧੀ ਅਫਵਾਵਾਂ ਤੋਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਡੀਲਰ ਵੱਲੋਂ ਜਾਂ ਕਿਸੇ ਵਿਅਕਤੀ ਵੱਲੋਂ ਐਲਪੀਜੀ ਗੈਸ ਦੀ ਬਲੈਕ ਵਿੱਚ ਵਿਕਰੀ ਕੀਤੀ ਜਾਂਦੀ ਹੈ ਜਾਂ ਗੈਸ ਸਿਲੰਡਰ ਲਈ ਵੱਧ ਰਕਮ ਵਸੂਲੀ ਜਾਂਦੀ ਹੈ ਤਾਂ ਇਸ ਬਾਰੇ ਤੁਰੰਤ ਵਿਭਾਗ ਦੇ ਧਿਆਨ ਵਿੱਚ ਲਿਆਇਆ ਜਾਵੇ, ਤਾਂ ਜੋ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ।




