ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਾਰਡ ਬਣਾਉਣ ਲਈ 3 ਫਰਵਰੀ ਤੋਂ ਲੱਗਣਗੇ 19 ਥਾਵਾਂ ‘ਤੇ ਵਿਸ਼ੇਸ਼ ਕੈਂਪ: ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਵਲੋਂ ਕੈਂਪਾਂ ਦੀਆਂ ਤਿਆਰੀਆਂ ਦੇ ਜਾਇਜ਼ੇ ਲਈ ਸਬੰਧਤ ਵਿਭਾਗਾਂ ਨਾਲ ਮੀਟਿੰਗ

ਬਰਨਾਲਾ, 2 ਫਰਵਰੀ ( ਸੂਤਰ ) ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਿਹਤ ਕਾਰਡ ਬਣਾਉਣ ਲਈ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੈਂਪ ਭਲਕੇ ਤੋਂ ਲਾਏ ਜਾਣਗੇ।

ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਕਰਦਿਆਂ ਦਿੱਤੀ।

ਓਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਜ਼ਿਲ੍ਹੇ ਦੇ ਪਿੰਡ ਬਡਬਰ, ਬਰਨਾਲਾ ਵਾਰਡ ਨੰਬਰ 7, ਬਰਨਾਲਾ ਦੇ ਹੰਡਿਆਇਆ ਵਾਰਡ ਨੰਬਰ 11, ਭੱਦਲਵੱਢ, ਭਗਤਪੁਰਾ (ਮੌੜ ਨਾਭਾ), ਭੈਣੀ ਫੱਤਾ, ਭੋਤਨਾ, ਛਾਪਾ, ਦੀਪਗੜ੍ਹ, ਧੂਰਕੋਟ, ਗਹਿਲ, ਕੁਤਬਾ, ਨੈਣੇਵਾਲ, ਨਿਹਾਲੂਵਾਲ, ਪੱਖੋਂ ਕਲਾਂ, ਪੰਧੇਰ, ਸਹਿਜੜਾ, ਸੇਖਾ ਤੇ ਠੁੱਲੀਵਾਲ ਵਿਚ ਭਲਕੇ 3 ਫਰਵਰੀ ਤੋਂ ਕੈਂਪ ਲਾਏ ਜਾਣਗੇ।

ਓਨ੍ਹਾਂ ਸਬੰਧਤ ਐੱਸਡੀਐੱਮਜ਼ ਅਤੇ ਬੀਡੀਪੀਓਜ਼ ਨੂੰ ਸਬੰਧਤ ਪਿੰਡਾਂ ਅਤੇ ਵਾਰਡਾਂ ਵਿੱਚ ਅਨਾਊਂਸਮੈਂਟ ਕਰਾਉਣ ਅਤੇ ਹੋਰ ਪੁਖ਼ਤਾ ਪ੍ਰਬੰਧਾਂ ਦੀ ਹਦਾਇਤ ਕੀਤੀ ਤਾਂ ਜੋ ਸਾਰੇ ਯੋਗ ਵਿਅਕਤੀ ਇਸ ਸਕੀਮ ਦਾ ਲਾਹਾ ਲੈ ਸਕਣ ਅਤੇ ਓਨ੍ਹਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।

ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਨੇ ਕਿਹਾ ਕਿ ਇਹ ਸਿਹਤ ਯੋਜਨਾ 22 ਜਨਵਰੀ ਤੋਂ ਪੂਰੇ ਪੰਜਾਬ ਵਿੱਚ ਲਾਗੂ ਹੋ ਚੁੱਕੀ ਹੈ। ਇਸ ਯੋਜਨਾ ਤਹਿਤ ਪੰਜਾਬ ਦੇ ਲਗਭਗ 65 ਲੱਖ ਪਰਿਵਾਰਾਂ ਨੂੰ ਕਵਰ ਕੀਤਾ ਜਾ ਰਿਹਾ ਹੈ, ਜਿਸ ਨਾਲ ਕਰੀਬ 3 ਕਰੋੜ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ।

ਓਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਸੂਬੇ ਵਿੱਚ 900 ਦੇ ਕਰੀਬ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਸੂਚੀਬੱਧ ਕੀਤੇ ਗਏ ਹਨ ਅਤੇ 2356 ਇਲਾਜ ਪੈਕੇਜ ਸ਼ਾਮਲ ਹਨ। ਓਨ੍ਹਾਂ ਕਿਹਾ ਕਿ ਪਹਿਲਾਂ ਸਬੰਧਤ ਵਿਅਕਤੀ ਅਪੁਆਇੰਟਮੈਂਟ ਸਲਿੱਪ ਦਿੱਤੀ ਜਾਵੇਗੀ ਅਤੇ ਇਸ ਮਗਰੋਂ ਕਾਰਡ ਲਈ ਰਜਿਸਟ੍ਰੇਸ਼ਨ ਕੀਤੀ ਜਾਵੇਗੀ।

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਕਾਰਡ ਬਣਾਉਣ ਲਈ 18 ਸਾਲ ਤੋਂ ਉੱਪਰ (ਬਾਲਗ) ਵਿਅਕਤੀ ਲਈ ਆਧਾਰ ਕਾਰਡ ਅਤੇ ਵੋਟਰ ਕਾਰਡ ਜ਼ਰੂਰੀ ਹੈ ਅਤੇ 18 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਜਨਮ ਸਰਟੀਫਿਕੇਟ ਅਤੇ ਆਧਾਰ ਕਾਰਡ ਲੋੜੀਂਦਾ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਜਿੰਦਰ ਸਿੰਘ ਬੇਦੀ ਆਈ ਏ ਐੱਸ ਨੇ ਦੱਸਿਆ ਕਿ ਇਸ ਸਬੰਧੀ ਸਟਾਫ਼ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਕੋਈ ਦਿੱਕਤ ਪੇਸ਼ ਨਾ ਆਵੇ।

ਇਸ ਮੌਕੇ ਐੱਸਡੀਐਮ ਬਰਨਾਲਾ ਡਾ. ਅਜੀਤਪਾਲ ਸਿੰਘ ਚਹਿਲ, ਐੱਸ ਡੀ ਐਮ ਤਪਾ ਆਯੂਸ਼ ਗੋਇਲ, ਐੱਸ ਡੀ ਮਹਿਲ ਕਲਾਂ ਬੇਅੰਤ ਸਿੰਘ ਸਿੱਧੂ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮਿੰਦਰ ਕੌਰ ਔਜਲਾ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼ਵਿੰਦਰ ਸਿੰਘ, ਮੈਂਬਰ ਜ਼ਿਲ੍ਹਾ ਯੋਜਨਾ ਬੋਰਡ ਇਸ਼ਵਿੰਦਰ ਸਿੰਘ ਜੰਡੂ, ਯੂਥ ਆਗੂ ਸਾਹਿਲ ਬਾਂਸਲ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਮੌਜੂਦ ਸਨ।




