ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਦਾ ਬਰੀ ਹੋਣਾ ਝੂਠ ਦੀ ਸਿਆਸਤ ‘ਤੇ ਕਰਾਰੀ ਚਪੇੜ: ਮੰਤਰੀ ਬਰਿੰਦਰ ਕੁਮਾਰ ਗੋਇਲ
ਕਰੀਬ 9 ਕਿਲੋਮੀਟਰ ਲੰਬੀਆਂ ਗਲੀਆਂ/ਸੜਕਾਂ ਉੱਚ ਗੁਣਵੱਤਾ ਵਾਲੀਆਂ ਇੰਟਰਵਾਕ ਟਾਈਲਾਂ ਨਾਲ ਕੀਤੀਆਂ ਜਾਣਗੀਆਂ ਤਿਆਰਃ ਗੋਇਲ

ਲਹਿਰਾ 27 ਫਰਵਰੀ ( ਸੂਤਰ )

ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸੱਚ ਅਤੇ ਨਿਆਂ ਦੀ ਹਮੇਸ਼ਾ ਜਿੱਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦਾ ਇਹ ਫੈਸਲਾ ਲੋਕਤੰਤਰਕ ਪ੍ਰਣਾਲੀ ਦੀ ਮਜ਼ਬੂਤੀ ਦਾ ਪ੍ਰਤੀਕ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਝੂਠੇ ਪ੍ਰਚਾਰ ਦਾ ਠੂਠਾ ਭੰਨਦੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਭਾਜਪਾ ਸਰਕਾਰ ਦੇ ਉਨ੍ਹਾਂ ਆਗੂਆਂ ਦੇ ਮੂੰਹ ‘ਤੇ ਕਰਾਰੀ ਚਪੇੜ ਹੈ ਜੋ ਕੱਟੜ ਇਮਾਨਦਾਰ ਰਹਿ ਕੇ ਰਾਜਨੀਤੀ ਬਦਲਣ ਆਏ ਸ਼੍ਰੀ ਅਰਵਿੰਦ ਕੇਜਰੀਵਾਲ ਵਰਗੇ ਨੇਤਾਵਾਂ ‘ਤੇ ਝੂਠੇ ਇਲਜ਼ਾਮ ਲਗਾਉਂਦੇ ਰਹੇ ਹਨ।

ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਲਹਿਰਾ ਵਿਧਾਨ ਸਭਾ ਹਲਕੇ ਦੇ ਪਿੰਡਾਂ ‘ਚ ਕਰੀਬ 7.5 ਕਰੋੜ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਇਲਾਂ ਵਿਛਾਉਣ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਪਹੁੰਚੇ ਹੋਏ ਸਨ। ਇਸ ਮੌਕੇ ਕੈਬਨਿਟ ਮੰਤਰੀ ਗੋਇਲ ਨੇ ਦੱਸਿਆ ਕਿ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਅਧੀਨ ਲਗਭਗ 9 ਕਿਲੋਮੀਟਰ ਲੰਬੀਆਂ ਗਲੀਆਂ ਅਤੇ ਸੜਕਾਂ ਦਾ ਨਿਰਮਾਣ ਅਤੇ ਨਵੀਨੀਕਰਨ ਕੀਤਾ ਜਾਵੇਗਾ, ਜਿਸ ਨਾਲ ਪਿੰਡ ਵਾਸੀਆਂ ਨੂੰ ਆਵਾਜਾਈ ਦੀਆਂ ਸੁਵਿਧਾਵਾਂ ਵਿੱਚ ਵੱਡਾ ਸੁਧਾਰ ਮਿਲੇਗਾ। ਉਨ੍ਹਾਂ ਦੱਸਿਆ ਕਿ ਇਹ ਅੰਦਰੂਨੀ ਗਲੀਆਂ/ਸੜਕਾਂ ਹਲਕੇ ਦੇ ਪਿੰਡ ਖਾਈ, ਰਾਮਗੜ੍ਹ ਸੰਧੂਆਂ, ਸੇਖੂਵਾਸ, ਭਾਈ ਕੀ ਪਿਸ਼ੌਰ, ਘੋੜੇਨਾਬ, ਰੋੜੇਵਾਲਾ, ਝਲੂਰ ਅਤੇ ਰਾਏਧਰਾਣਾ ਵਿਖੇ ਬਣਾਈਆਂ ਜਾਣਗੀਆਂ।

ਇਸ ਮੌਕੇ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਸਮੁੱਚੇ ਅਤੇ ਸੰਤੁਲਿਤ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦਾ ਵਿਕਾਸ ਹੀ ਅਸਲ ਵਿਕਾਸ ਹੈ ਅਤੇ ਸਰਕਾਰ ਵੱਲੋਂ ਪਿੰਡਾਂ ਵਿੱਚ ਮਜ਼ਬੂਤ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ।

ਸ੍ਰੀ ਗੋਇਲ ਨੇ ਕਿਹਾ ਕਿ ਇੰਟਰਲਾਕ ਟਾਇਲਾਂ ਨਾਲ ਬਣੀਆਂ ਗਲੀਆਂ ਨਾ ਸਿਰਫ਼ ਟਿਕਾਊ ਹਨ, ਸਗੋਂ ਇਹ ਪਾਣੀ ਦੀ ਨਿਕਾਸੀ ਮੌਕੇ ਵੀ ਟਿਕਾਊ ਰਹਿੰਦੀਆਂ ਹਨ, ਜਿਸ ਨਾਲ ਪਾਣੀ ਖੜ੍ਹਾ ਹੋਣ ਅਤੇ ਚਿੱਕੜ ਦੀ ਸਮੱਸਿਆ ਤੋਂ ਪਿੰਡ ਵਾਸੀਆਂ ਨੂੰ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਗੁਣਵੱਤਾ ਮਿਆਰਾਂ ਅਨੁਸਾਰ ਅਤੇ ਨਿਰਧਾਰਤ ਸਮੇਂ ਅੰਦਰ ਪੂਰੇ ਕੀਤੇ ਗਏ ਹਨ।

ਕੈਬਿਨੇਟ ਮੰਤਰੀ ਨੇ ਕਿਹਾ ਕਿ ਮਾਨ ਸਰਕਾਰ ਸਿਹਤ, ਸਿੱਖਿਆ, ਬਿਜਲੀ, ਪਾਣੀ ਅਤੇ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਹਰ ਹਲਕੇ ਅਤੇ ਹਰ ਪਿੰਡ ਤੱਕ ਵਿਕਾਸ ਦੀ ਰੌਸ਼ਨੀ ਪਹੁੰਚਾਉਣਾ ਹੈ, ਤਾਂ ਜੋ ਲੋਕਾਂ ਦੀ ਜ਼ਿੰਦਗੀ ਦੇ ਮਿਆਰ ਵਿੱਚ ਸੁਧਾਰ ਲਿਆਂਦਾ ਜਾ ਸਕੇ।

ਉਨ੍ਹਾਂ ਕਿਹਾ ਕਿ ਸਰਕਾਰ ਪਾਰਦਰਸ਼ੀ ਅਤੇ ਜ਼ਿੰਮੇਵਾਰ ਸ਼ਾਸਨ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਵਿੱਚ ਲੋਕਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਅਤੇ ਆਪਣੇ ਇਲਾਕੇ ਦੀ ਤਰੱਕੀ ਵਿੱਚ ਸਹਿਯੋਗ ਦੇਣ। ਇਸ ਮੌਕੇ ਸਥਾਨਕ ਆਗੂ, ਵਿਭਾਗੀ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।



