ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ “ਸੂਫ਼ੀ ਫੈਸਟੀਵਲ” ਅਤੇ “ਪੰਜਾਬ ਸਖੀ ਸ਼ਕਤੀ ਮੇਲਾ”13 ਤੋਂ 15 ਫਰਵਰੀ ਤੱਕ- ਰਿੰਪੀ ਗਰਗ
ਮੇਲੇ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸ਼ਿਲਪਕਾਰ ਅਤੇ ਸਵੈ ਸਹਾਇਕ ਗੁਰੱਪ ਉਤਪਾਦ ਲੈ ਕੇ ਹੋਣਗੇ ਸ਼ਾਮਲ

ਮਾਲੇਰਕੋਟਲਾ, 4 ਫਰਵਰੀ ( ਸੂਤਰ ) ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਵੱਲੋਂ ਪੰਜਾਬ ਦੀਆਂ ਬਹਾਦਰ, ਹੁਨਰਮੰਦ ਤੇ ਸਖ਼ਤ ਮਿਹਨਤੀ ਮਹਿਲਾਵਾਂ ਲਈ ‘ਰੈਂਪ ਸਕੀਮ ਅਧੀਨ’ ਇੱਕ ਉੱਚ ਪੱਧਰੀ ਈਵੈਂਟ, “ਪੰਜਾਬ ਸਖੀ ਸ਼ਕਤੀ ਮੇਲਾ- ਮਹਿਲਾ ਉੱਧਮੀਆਂ ਦਾ ਸਸ਼ਕਤੀਕਰਨ” ਦੇ ਰੂਪ ਵਿੱਚ “ਸੂਫ਼ੀ ਫੈਸਟੀਵਲ” ਦੌਰਾਨ 13 ਤੋਂ 15 ਫਰਵਰੀ ਤੱਕ ਸਥਾਨਕ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਮੇਲੇ ਵਿੱਚ ਜਿੱਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚੋਂ ਸ਼ਿਲਪਕਾਰ ਤੇ ਸਵੈ ਸਹਾਇਕ ਗੁਰੱਪ ਆਪਣੇ ਉਤਪਾਦ ਲੈਕੇ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਖਾਣ ਪੀਣ ਦੀਆਂ ਵਸਤਾਂ,ਡਰਾਈ ਫਰੂਟ,ਕਾਰਪੈਂਟ, ਲੱਕੜੀ ਦੇ ਖਿਡੋਣੇ,ਸਾੜੀਆਂ-ਸੂਟਾਂ, ਆਰਟੀਫਿਸ਼ਲ ਜਵੈਲਰੀ, ਸੁੱਕੇ ਫੁਲ, ਕਸਮੀਰੀ ਕਾਹਵਾ, ਕਸਮੀਰੀ ਸੂਟਾਂ ਕਪੜਿਆਂ ਅਤੇ ਫਰਨੀਚਰ ਦੀਆਂ ਸਟਾਲਾਂ ਵੀ ਸ਼ਾਮਲ ਹੋਣਗੀਆਂ।

ਇਸ ਮੇਲੇ ਵਿੱਚ 70 ਤੋਂ ਵੱਧ ਸਟਾਲ ਲਗਾਏ ਜਾਣਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਰਿੰਪੀ ਗਰਗ ਨੇ ਇਸ ਮੇਲੇ ਦੀਆਂ ਤਿਆਰੀਆਂ ਬਾਬਤ ਵਿਭਾਗੀ ਅਧਿਕਾਰੀਆਂ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਇਕ ਉੱਚ ਪੱਧਰੀ ਉਪਰਾਲਾ ਹੈ, ਜਿੱਥੇ ਘਰੋਂ ਬਣੇ ਉਤਪਾਦ, ਰਵਾਇਤੀ ਕਲਾ ਅਤੇ ਆਧੁਨਿਕ ਹੈਂਡਮੇਡ ਡਿਜ਼ਾਈਨ ਅਤੇ ਬੇਮਿਸਾਲ ਕਲਾਕਾਰੀ ਖਿੱਚ ਦਾ ਕੇਂਦਰ ਹੋਵੇਗੀ।

ਇਸ ਦੌਰਾਨ ਖਾਣ ਪੀਣ ਦੀਆਂ ਵਸਤਾਂ ਸਬੰਧੀ ਵਿਸ਼ੇਸ਼ ਫੂਡ ਕੋਰਟ ਬਣੇਗਾ ਅਤੇ ਰੋਜ਼ਾਨਾ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਹੋਇਆ ਕਰੇਗੀ। ਇਸ ਮੇਲੇ ਲਈ ਕੋਈ ਵੀ ਟਿਕਟ ਨਹੀ ਹੋਵੇਗੀ ।

ਇਹ ਮੇਲਾ ਸਿਰਫ਼ ਖਰੀਦਾਰੀ ਅਤੇ ਮਨੋਰਜ਼ਨ ਤਕ ਸੀਮਤ ਨਾ ਹੋ ਕੇ ਸਗੋਂ ਮਹਿਲਾ ਸ਼ਕਤੀ, ਪੰਜਾਬੀ ਸਿਰਜਣਾਤਮਕਤਾ ਅਤੇ ਆਪਣੇ ਸਥਾਨਕ ਹੁਨਰ ਨੂੰ ਆਲਮੀ ਪੱਧਰ ‘ਤੇ ਲੈ ਕੇ ਜਾਣ ਦੀ ਲਹਿਰ ਹੈ। ਇਸ ਲਈ ਸਮੂਹ ਵਿਭਾਗ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ।

ਉਹਨਾਂ ਕਿਹਾ ਕਿ ਮੇਲੇ ਵਿੱਚ ਆਉਣ ਵਾਲੇ ਸ਼ਿਲਪਕਾਰਾਂ, ਕਲਾਕਾਰਾਂ ਸਮੇਤ ਸਾਰੇ ਲੋਕਾਂ ਲਈ ਲੋੜੀਂਦੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਜਾਣੇ ਯਕੀਨੀ ਬਣਾਏ ਜਾਣ। ਇਹ ਗੱਲ ਯਕੀਨੀ ਬਣਾਈ ਜਾਵੇ ਕਿ ਮੇਲੇ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ।

ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਇਸ ਮੇਲੇ ਦਾ ਲਾਹਾ ਲਿਆ ਜਾਵੇ, ਜਿਸ ਨਾਲ ਜਿੱਥੇ ਸ਼ਿਲਪਕਾਰਾਂ ਨੂੰ ਵੱਡੇ ਪੱਧਰ ਉੱਤੇ ਲਾਭ ਹੋਵੇਗਾ ਤੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਹੋਵੇਗੀ, ਉੱਥੇ ਬੱਚਿਆਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਜਸਵਿੰਦਰ ਸਿੰਘ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਬਬਲਜੀਤ ਕੌਰ ਤੋਂ ਇਲਾਵਾ ਵਿਭਾਗੀ ਸਟਾਫ ਹਾਜ਼ਰ ਰਿਹਾ।




