ਰੂਹਾਨੀ ਰੰਗਾਂ ਅਤੇ ਮਹਿਲਾ ਸਸ਼ਕਤੀਕਰਨ ਦੀ ਗੂੰਜ ਨਾਲ ਗੂੰਜਿਆ ਮਾਲੇਰਕੋਟਲਾ
“ਸੂਫੀ ਫੈਸਟੀਵਲ ਅਤੇ ਪੰਜਾਬ ਸਖੀ ਸ਼ਕਤੀ ਮੇਲੇ” ਦੀ ਸ਼ਾਨਦਾਰ ਸ਼ੁਰੂਆਤ, ਵਿਧਾਇਕ ਜਮੀਲ ਉਰ ਰਹਿਮਾਨ ਨੇ ਕੀਤਾ ਉਦਘਾਟਨ

ਮਾਲੇਰਕੋਟਲਾ, 13 ਫਰਵਰੀ ( ਸੂਤਰ ) ਤਿੰਨ ਦਿਨਾਂ “ਸੂਫੀ ਫੈਸਟੀਵਲ ਅਤੇ ਪੰਜਾਬ ਸਖੀ ਸ਼ਕਤੀ ਮੇਲੇ” ਦੇ ਉਦਘਾਟਨੀ ਦਿਨ ਸਰਕਾਰੀ ਕਾਲਜ ਮਾਲੇਰਕੋਟਲਾ ਦਾ ਅਹਾਤਾ ਰੂਹਾਨੀ ਸੰਗੀਤ, ਸੱਭਿਆਚਾਰਕ ਰੌਣਕ ਅਤੇ ਮਹਿਲਾ ਉਦਮੀਕਤਾ ਦੇ ਰੰਗਾਂ ਨਾਲ ਸਜ ਗਿਆ। ਮੇਲੇ ਦਾ ਉਦਘਾਟਨ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਵੱਲੋਂ ਕੀਤਾ ਗਿਆ।


ਇਸ ਮੌਕੇ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ, ਐਸ.ਐਸ.ਪੀ. ਗਗਨ ਅਜੀਤ ਸਿੰਘ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸਾਕਬ ਅਲੀ ਰਾਜਾ, ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ, ਐਸ.ਡੀ.ਐਮ. ਮਾਲੇਰਕੋਟਲਾ ਗੁਰਮੀਤ ਕੁਮਾਰ ਬਾਂਸਲ, ਐਸ.ਡੀ.ਐਮ. ਅਮਰਗੜ੍ਹ ਸੁਰਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ, ਨੌਜਵਾਨਾਂ ਅਤੇ ਮਹਿਲਾਵਾਂ ਨੇ ਸ਼ਮੂਲੀਅਤ ਕਰਕੇ ਸਮਾਗਮ ਨੂੰ ਯਾਦਗਾਰ ਬਣਾਇਆ।

15 ਫਰਵਰੀ ਤੱਕ ਚੱਲਣ ਵਾਲਾ ਇਹ ਮੇਲਾ ਮਾਲੇਰਕੋਟਲਾ ਨੂੰ ਸੂਫ਼ੀ ਰੰਗ ਵਿੱਚ ਰੰਗੀ ਰੱਖੇਗਾ, ਜਿੱਥੇ ਹਰ ਸ਼ਾਮ ਰੂਹ ਨੂੰ ਛੂਹਣ ਵਾਲੀਆਂ ਸੂਫ਼ੀ ਪੇਸ਼ਕਾਰੀਆਂ ਦਰਸ਼ਕਾਂ ਨੂੰ ਮਗਨ ਕਰਨਗੀਆਂ।

ਵਿਧਾਇਕ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਅਸਲੀ ਅਰਥਾਂ ਵਿੱਚ “ਰੰਗਲਾ ਪੰਜਾਬ” ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਮਹਿਲਾਵਾਂ ਦੀ ਆਰਥਿਕਤਾ ਵਿੱਚ ਸੁਧਾਰ ਲਿਆਉਣ ਵਿੱਚ ਕਾਰਗਰ ਸਾਬਤ ਹੁੰਦੇ ਹਨ, ਜਿਸ ਨਾਲ ਉਨ੍ਹਾਂ ਦਾ ਆਰਥਿਕ ਪੱਧਰ ਦੇ ਨਾਲ-ਨਾਲ ਸਮਾਜਿਕ ਪੱਧਰ ਵੀ ਉੱਚਾ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਸਾਡੀ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਆਪਸੀ ਭਾਈਚਾਰੇ ਅਤੇ ਸਾਂਝ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਸਦਾ ਤੋਂ ਸੂਫ਼ੀ ਪਰੰਪਰਾ ਅਤੇ ਆਪਸੀ ਸਦਭਾਵਨਾ ਦਾ ਪ੍ਰਤੀਕ ਰਿਹਾ ਹੈ ਅਤੇ ਇਹ ਫੈਸਟੀਵਲ ਉਸ ਵਿਰਾਸਤ ਨੂੰ ਨਵੀਂ ਉਚਾਈਆਂ ’ਤੇ ਲੈ ਕੇ ਜਾਵੇਗਾ।

“ਪੰਜਾਬ ਸਖੀ ਸ਼ਕਤੀ ਮੇਲੇ” ਦੌਰਾਨ ਜ਼ਿਲ੍ਹੇ ਅਤੇ ਬਾਹਰੋਂ ਆਈਆਂ ਮਹਿਲਾ ਸਵੈ-ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਹੱਥ-ਸ਼ਿਲਪ ਉਤਪਾਦ, ਰਵਾਇਤੀ ਪੁਸ਼ਾਕਾਂ, ਬਣਾਵਟੀ ਗਹਿਣੇ, ਜੈਵਿਕ ਉਤਪਾਦ ਅਤੇ ਹੋਰ ਸਥਾਨਕ ਕਾਰੀਗਰੀ ਦੇ ਕਲਾ ਨਮੂਨੇ ਪ੍ਰਦਰਸ਼ਿਤ ਕੀਤੇ ਗਏ।

ਇਹ ਮੇਲਾ ਮਹਿਲਾਵਾਂ ਲਈ ਆਰਥਿਕ ਮਜ਼ਬੂਤੀ ਵੱਲ ਇੱਕ ਮਜ਼ਬੂਤ ਕਦਮ ਸਾਬਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ 14 ਫਰਵਰੀ ਨੂੰ ਕੰਵਰ ਗਰੇਵਾਲ ਅਤੇ 15 ਫਰਵਰੀ ਨੂੰ ਕਮਲ ਖਾਨ ਆਪਣੀ ਮਖਮਲੀ ਆਵਾਜ ਨਾਲ ਸਰੋਤਿਆਂ ਨੂੰ ਮੰਤਰਮੁਗਧ ਕਰਨਗੇ।

ਇਸ ਮੌਕੇ ਵਿਧਾਇਕ ਮਾਲੇਰਕੋਟਲਾ, ਡਿਪਟੀ ਕਮਿਸ਼ਨਰ, ਐਸ.ਐਸ.ਪੀ. ਅਤੇ ਹੋਰ ਪਤਵੰਤਿਆਂ ਨੇ ਲੋਕਲ ਪਕਵਾਨਾਂ ਦਾ ਜਾਇਕਾ ਲਿਆ ਅਤੇ ਸਵਾਦ ਦੀ ਸ਼ਲਾਘਾ ਕੀਤੀ। ਇਸ ਦੌਰਾਨ ਵਿਧਾਇਕ ਮਾਲੇਰਕੋਟਲਾ ਨੇ ਬਾਇਓਸਕੋਪ ਅਤੇ ਕਠਪੁਤਲੀ ਨਾਚ ਦਾ ਆਨੰਦ ਵੀ ਮਾਣਿਆ।



