ਪੁਲਿਸ ਸਿਰਫ਼ ਘਰ ਤੋੜਦੀ ਨਹੀਂ, ਜੋੜਦੀ ਵੀ ਹੈ, ਐਸ.ਐਸ.ਪੀ ਖੰਨਾ ਨੇ ਪੇਸ਼ ਕੀਤੀ ਇੱਕ ਹੋਰ ਨਵੀਂ ਮਿਸਾਲ
ਮੁਹੱਲਾ ਵਾਸੀਆਂ ਦੇ ਭਰੋਸੇ ਮਗਰੋਂ ਨਸ਼ਾ ਤਸਕਰ ਦੇ ਪਰਿਵਾਰ ਨੂੰ ਦਿੱਤੀ ਛੂਟ, ਬੁਲਡੋਜ਼ਰ ਕਾਰਵਾਈ ਤੋਂ ਰਾਹਤ

ਖੰਨਾ 13 ਫਰਵਰੀ ( ਸੂਤਰ ) ਖੰਨਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਐਸ.ਐਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਸੋਚ, ਸੰਵੇਦਨਸ਼ੀਲਤਾ ਅਤੇ ਮਾਨਵਤਾ ਭਰੇ ਫੈਸਲਿਆਂ ਦੀ ਹਰ ਪਾਸੇ ਖੁੱਲ੍ਹ ਕੇ ਸ਼ਲਾਘਾ ਹੋ ਰਹੀ ਹੈ।

ਨਸ਼ਾ ਤਸਕਰੀ ਲਈ ਬਦਨਾਮ ਰਹੀ ਮੀਟ ਮਾਰਕੀਟ ਖੰਨਾ ਨੂੰ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਗੋਦ ਲਏ ਜਾਣ ਦੇ ਫੈਸਲੇ ਮਗਰੋਂ ਹੁਣ ਇੱਕ ਹੋਰ ਅਹਿਮ ਅਤੇ ਦਿਲ ਛੂਹਣ ਵਾਲਾ ਕਦਮ ਚੁੱਕ ਕੇ ਡਾ. ਦਰਪਣ ਆਹਲੂਵਾਲੀਆ ਨੇ ਸਮਾਜ ਅੱਗੇ ਵੱਡੀ ਮਿਸਾਲ ਕਾਇਮ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਇਲਾਕੇ ਵਿੱਚ ਨਸ਼ਾ ਤਸਕਰੀ ਨਾਲ ਜੁੜੇ ਇੱਕ ਤਸਕਰ ਦੀ ਨਾਨੀ ਦੇ ਘਰ ਨੂੰ ਤੋੜਨ ਦੇ ਹੁਕਮ ਜਾਰੀ ਹੋਏ ਸਨ। ਪਰ ਕਾਰਵਾਈ ਤੋਂ ਪਹਿਲਾਂ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਲਾਕਾ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਹਾਲਾਤਾਂ ਦੀ ਗੰਭੀਰਤਾ ਨਾਲ ਸਮੀਖਿਆ ਕੀਤੀ।

ਇਲਾਕੇ ਦੇ ਲੋਕਾਂ ਨੇ ਭਰੋਸਾ ਦਿਵਾਇਆ ਕਿ ਅੱਗੇ ਤੋਂ ਕਿਸੇ ਵੀ ਤਰ੍ਹਾਂ ਦੀ ਗਲਤ ਸਰਗਰਮੀ ਇੱਥੇ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਸੰਬੰਧਤ ਤਸਕਰ ਨੂੰ ਮੁੜ ਇਲਾਕੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

ਪ੍ਰਸ਼ਾਸਨ ਨੇ ਸਿਰਫ ਕਾਨੂੰਨ ਦੀ ਸਖ਼ਤੀ ਨਹੀਂ, ਸਗੋਂ ਮਾਨਵਤਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਵੀ ਪ੍ਰਧਾਨਤਾ ਦਿੰਦਿਆਂ ਤਸਕਰ ਦੀ ਨਾਨੀ ਦੀ ਮੌਜੂਦਾ ਵਿੱਤੀ ਅਤੇ ਪਰਿਵਾਰਕ ਹਾਲਤ ਨੂੰ ਧਿਆਨ ਵਿੱਚ ਰੱਖ ਕੇ ਨਰਮੀ ਵਰਤਣ ਦਾ ਫੈਸਲਾ ਲਿਆ। ਮਨੁੱਖਤਾ ਦੇ ਨਾਤੇ ਘਰ ਨਾ ਤੋੜਨ ਦਾ ਫੈਸਲਾ ਕਰਦਿਆਂ ਇਲਾਕੇ ਦੇ ਲੋਕਾਂ ਨੂੰ ਸੁਧਰਨ ਦਾ ਮੌਕਾ ਦਿੱਤਾ ਗਿਆ। ਇਹ ਫੈਸਲਾ ਦਰਸਾਉਂਦਾ ਹੈ ਕਿ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਦੀ ਨੀਤੀ ਸਿਰਫ ਸਜ਼ਾ ਦੇਣ ਤੱਕ ਸੀਮਤ ਨਹੀਂ, ਸਗੋਂ ਸਮਾਜ ਨੂੰ ਸੁਧਾਰ ਦੀ ਦਿਸ਼ਾ ਵੱਲ ਲਿਜਾਣੀ ਹੈ।

ਮੌਕੇ ’ਤੇ ਐਸ.ਡੀ.ਐਮ ਸਵਾਤੀ ਟਿਵਾਣਾ ਅਤੇ ਡੀ.ਐਸ.ਪੀ ਵਿਨੋਦ ਕੁਮਾਰ ਵੀ ਹਾਜ਼ਰ ਰਹੇ। ਉਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਨਸ਼ਾ ਮੁਕਤ ਸਮਾਜ ਬਣਾਉਣ ਲਈ ਲਗਾਤਾਰ ਸੰਵੇਦਨਸ਼ੀਲ ਅਤੇ ਪ੍ਰਭਾਵਸ਼ਾਲੀ ਕਦਮ ਚੁੱਕ ਰਹੀ ਹੈ।

ਇਲਾਕਾ ਵਾਸੀਆਂ ਨੇ ਵੀ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੇ ਇਸ ਮਾਨਵਤਾ ਭਰੇ ਫੈਸਲੇ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਅਕਸਰ ਸਖ਼ਤ ਕਾਰਵਾਈ ਨਾਲ ਨਿਰਦੋਸ਼ ਪਰਿਵਾਰ ਵੀ ਪੀੜਤ ਹੋ ਜਾਂਦੇ ਹਨ, ਪਰ ਇਸ ਮਾਮਲੇ ਵਿੱਚ ਇਨਸਾਫ਼ ਦੇ ਨਾਲ-ਨਾਲ ਸੰਵੇਦਨਸ਼ੀਲਤਾ ਵੀ ਦਿਖਾਈ ਗਈ, ਜੋ ਵਾਕਈ ਕਾਬਿਲ-ਏ-ਤਾਰੀਫ਼ ਹੈ।

ਜ਼ਿਕਰਯੋਗ ਹੈ ਕਿ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵੱਡੀਆਂ ਮੁਹਿੰਮਾਂ ਚਲਾਈਆਂ ਹਨ, ਜਿਨ੍ਹਾਂ ਤਹਿਤ ਕਈ ਵੱਡੇ ਤਸਕਰ ਗ੍ਰਿਫ਼ਤਾਰ ਕੀਤੇ ਗਏ, ਨਾਜਾਇਜ਼ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਅਤੇ ਨਸ਼ਾ ਤਸਕਰੀ ਦੇ ਨੈੱਟਵਰਕ ਤੋੜੇ ਗਏ। ਇਸ ਦੇ ਨਾਲ ਹੀ ਸਮਾਜਿਕ ਸੁਧਾਰ ਅਤੇ ਨੌਜਵਾਨਾਂ ਨੂੰ ਸਹੀ ਰਾਹ ’ਤੇ ਲਿਆਉਣ ਲਈ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ।



