Uncategorized

ਗਰਮੀ ਦੀ ਤਪਿਸ਼ ਤੋਂ ਰਾਹਤ, ਗਿਆਨ ਦੀ ਰੌਸ਼ਨੀ ਨਾਲ ਤਰੱਕੀ

ਮਲੋਟ ਦੇ ਸਰਕਾਰੀ ਸਕੂਲਾਂ ਵਿੱਚ ਏਅਰ ਕੰਡੀਸ਼ਨਰਾਂ ਦੀ ਸਥਾਪਨਾ, ਡਾ ਬਲਜੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਨਵਾਂ ਤੋਹਫ਼ਾ

ਮਲੋਟ, 6 ਫਰਵਰੀ ( ਸੂਤਰ ) ਪੰਜਾਬ ਸਰਕਾਰ ਦੀ ਸਿੱਖਿਆਪੱਖੀ ਸੋਚ ਅਤੇ ਵਿਦਿਆਰਥੀ ਹਿਤੈਸ਼ੀ ਨੀਤੀਆਂ ਨੂੰ ਮਜ਼ਬੂਤੀ ਦਿੰਦਿਆਂ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਮਲੋਟ ਖੇਤਰ ਦੇ ਕਈ ਸਰਕਾਰੀ ਸਕੂਲਾਂ ਵਿੱਚ ਏਅਰ ਕੰਡੀਸ਼ਨਰ (ਏ.ਸੀ.) ਸਥਾਪਿਤ ਕਰਵਾਏ ਗਏ ਹਨ। ਇਸ ਕਦਮ ਨਾਲ ਤਪਦੀ ਗਰਮੀ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਪੜ੍ਹਾਈ ਲਈ ਸੁਖਦਾਇਕ, ਸਿਹਤਮੰਦ ਅਤੇ ਅਨੁਕੂਲ ਮਾਹੌਲ ਉਪਲਬਧ ਹੋਵੇਗਾ।

ਇਸ ਮੌਕੇ ਵੱਖ-ਵੱਖ ਸਕੂਲਾਂ ਵਿੱਚ ਇਨ੍ਹਾਂ ਏਅਰ ਕੰਡੀਸ਼ਨ ਮਸ਼ੀਨਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ “ਬੱਚਿਆਂ ਦਾ ਭਵਿੱਖ ਸਾਡੇ ਹੱਥਾਂ ਵਿੱਚ ਹੈ। ਜੇ ਕਲਾਸਰੂਮ ਸੁਖਦਾਇਕ ਹੋਣ, ਤਾਂ ਦਿਮਾਗ ਹੋਰ ਚੁਸਤ ਹੁੰਦਾ ਹੈ ਅਤੇ ਗਿਆਨ ਦੀ ਜੋਤ ਹੋਰ ਤੇਜ਼ੀ ਨਾਲ ਜਗਮਗਾਉਂਦੀ ਹੈ। ਪੰਜਾਬ ਸਰਕਾਰ ਦਾ ਮਕਸਦ ਸਿਰਫ਼ ਇਮਾਰਤਾਂ ਖੜੀਆਂ ਕਰਨਾ ਨਹੀਂ, ਸਗੋਂ ਬੱਚਿਆਂ ਦੇ ਸੁਪਨਿਆਂ ਲਈ ਮਜ਼ਬੂਤ ਨੀਂਹ ਰੱਖਣੀ ਹੈ।”

ਉਨ੍ਹਾਂ ਨੇ ਕਿਹਾ ਕਿ ਅੱਤ ਦੀ ਗਰਮੀ ਦੌਰਾਨ ਵਿਦਿਆਰਥੀਆਂ ਦੀ ਸਿਹਤ ਅਤੇ ਧਿਆਨ ਪ੍ਰਭਾਵਿਤ ਹੁੰਦਾ ਹੈ, ਜਿਸ ਨਾਲ ਸਿੱਖਣ ਦੀ ਸਮਰੱਥਾ ਘਟ ਸਕਦੀ ਹੈ। ਏਅਰ ਕੰਡੀਸ਼ਨਰਾਂ ਦੀ ਸਥਾਪਨਾ ਨਾਲ ਨਾ ਸਿਰਫ਼ ਬੱਚਿਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ, ਸਗੋਂ ਅਧਿਆਪਕ ਵੀ ਪੂਰੀ ਤਨਮਨ ਨਾਲ ਪੜ੍ਹਾਉਣ ਵਿੱਚ ਸਮਰੱਥ ਹੋਣਗੇ। “ਸੁਖਦਾਇਕ ਵਾਤਾਵਰਨ ਹੀ ਸਫਲ ਸਿੱਖਿਆ ਦੀ ਕੁੰਜੀ ਹੁੰਦਾ ਹੈ,” ਉਨ੍ਹਾਂ ਕਿਹਾ ।

ਡਾ. ਬਲਜੀਤ ਕੌਰ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਨੂੰ ਪ੍ਰਾਥਮਿਕਤਾ ਦੇ ਰਹੀ ਹੈ। ਸਕੂਲਾਂ ਵਿੱਚ ਆਧੁਨਿਕ ਸਹੂਲਤਾਂ, ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਸਮਾਰਟ ਕਲਾਸਰੂਮ, ਸਾਫ਼ -ਸੁਥਰੇ ਟਾਇਲਟ, ਪੀਣ ਵਾਲੇ ਪਾਣੀ ਦੀ ਸੁਵਿਧਾ ਅਤੇ ਹੁਣ ਏਅਰ ਕੰਡੀਸ਼ਨਰਾਂ ਵਰਗੀਆਂ ਸੁਵਿਧਾਵਾਂ ਨਾਲ ਸਰਕਾਰੀ ਸਕੂਲਾਂ ਦੀ ਤਸਵੀਰ ਬਦਲ ਰਹੀ ਹੈ।

ਉਨ੍ਹਾਂ ਕਿਹਾ, “ਜਿੱਥੇ ਸੁਵਿਧਾ ਹੋਵੇ, ਉੱਥੇ ਸਿਖਲਾਈ ਵਿੱਚ ਰੁਚੀ ਵਧਦੀ ਹੈ। ਅਸੀਂ ਚਾਹੁੰਦੇ ਹਾਂ ਕਿ ਸਰਕਾਰੀ ਸਕੂਲ ਵੀ ਹਰ ਮਾਮਲੇ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਨਾ ਹੋਣ। ਸਾਡਾ ਟੀਚਾ ਹੈ— ਹਰ ਬੱਚਾ, ਚਾਹੇ ਕਿਸੇ ਵੀ ਪਿਛੋਕੜ ਤੋਂ ਹੋਵੇ, ਉਸਨੂੰ ਉੱਤਮ ਸਿੱਖਿਆ ਅਤੇ ਆਧੁਨਿਕ ਸਹੂਲਤਾਂ ਮਿਲਣ।”

ਡਾ. ਬਲਜੀਤ ਕੌਰ ਨੇ ਸਥਾਨਕ ਪ੍ਰਸ਼ਾਸਨ, ਸਕੂਲ ਪ੍ਰਬੰਧਨ ਅਤੇ ਸਿੱਖਿਆ ਵਿਭਾਗ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਾਂਝੀ ਕੋਸ਼ਿਸ਼ਾਂ ਦਾ ਨਤੀਜਾ ਹੈ ਕਿ ਅੱਜ ਮਲੋਟ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਹੋਰ ਬਿਹਤਰ ਮਾਹੌਲ ਤਿਆਰ ਹੋ ਰਿਹਾ ਹੈ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਿਯਮਿਤ ਤੌਰ ‘ਤੇ ਸਕੂਲ ਭੇਜਣ ਅਤੇ ਸਰਕਾਰੀ ਸਕੂਲਾਂ ‘ਤੇ ਭਰੋਸਾ ਕਰਨ।

ਅੰਤ ਵਿੱਚ ਉਨ੍ਹਾਂ ਕਿਹਾ, “ਜਿਸ ਘਰ ਵਿੱਚ ਸਿੱਖਿਆ ਦੀ ਰੌਸ਼ਨੀ ਜਗਦੀ ਹੈ, ਉਸ ਘਰ ਦਾ ਭਵਿੱਖ ਆਪੇ ਹੀ ਰੌਸ਼ਨ ਹੋ ਜਾਂਦਾ ਹੈ। ਮਲੋਟ ਦੇ ਬੱਚਿਆਂ ਲਈ ਇਹ ਏ.ਸੀ. ਸਿਰਫ਼ ਮਸ਼ੀਨ ਨਹੀਂ, ਸਗੋਂ ਸੁਖਦਾਇਕ ਭਵਿੱਖ ਵੱਲ ਇੱਕ ਹੋਰ ਕਦਮ ਹੈ।”

Related Articles

Leave a Reply

Your email address will not be published. Required fields are marked *

Back to top button
error: Content is protected !!