ਜੀਵਨਜੋਤ ਪ੍ਰੋਜੈਕਟ ਤਹਿਤ ਬਾਲ ਭਿੱਖਿਆ ਦੀ ਰੋਕਥਾਮ ਲਈ ਜਾਗਰੂਕਤਾ ਅਭਿਆਨ ਚਲਾਇਆ
ਬਾਲ ਮਜ਼ਦੂਰੀ ਨੂੰ ਠੱਲ੍ਹ ਪਾਉਣ ਲਈ ਵੱਖ-ਵੱਖ ਥਾਵਾਂ ’ਤੇ ਅਚਨਚੇਤ ਚੈਕਿੰਗ ਵੀ ਕੀਤੀ ਗਈ

ਲੁਧਿਆਣਾ 5 ਫਰਵਰੀ ( ਸੂਤਰ ) ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ, ਜੀਵਨਜੋਤ ਪ੍ਰੋਜੈਕਟ ਅਧੀਨ ਬਾਲ ਭਿੱਖਿਆ ਤੇ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਇਆ ਗਿਆ।

ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਲੁਧਿਆਣਾ ਸ਼੍ਰੀਮਤੀ ਰਸ਼ਮੀ ਦੀ ਅਗਵਾਈ ਹੇਠ ਬਾਲ ਭਿੱਖਿਆ ਦੀ ਰੋਕਥਾਮ ਲਈ ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋ ਲੁਧਿਆਣਾ ਸ਼ਹਿਰ ਦੇ ਪ੍ਰਮੁੱਖ ਸਥਾਨਾਂ ’ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਟੀਮ ਵੱਲੋਂ ਦੁਰਗਾ ਮਾਤਾ ਮੰਦਿਰ, ਦੰਡੀ ਸਵਾਮੀ ਮੰਦਿਰ, ਸ਼ੀਤਲਾ ਮਾਤਾ ਮੰਦਿਰ, ਰੇਲਵੇ ਸਟੇਸ਼ਨ, ਜੇ.ਐਮ.ਡੀ.ਮਾਲ ਅਤੇ ਬੱਸ ਸਟੈਂਡ ਵਿਖੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬੱਚਿਆਂ ਨੂੰ ਭੀਖ ਦੇਣ ਤੋਂ ਗੁਰੇਜ ਕੀਤਾ ਜਾਵੇ। ਉਨ੍ਹਾਂ ਕਿਹਾ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਬਾਲ ਭਿੱਖਿਆ ਵਰਗੀ ਅਲਾਮਤ ’ਤੇ ਠੱਲ੍ਹ ਪਾਈ ਜਾ ਸਕਦੀ ਹੈ।

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਲਗਾਤਾਰ ਚੈਕਿੰਗ ਕਾਰਨ ਕੋਈ ਵੀ ਬੱਚਾ ਭੀਖ ਮੰਗਦਾ ਨਹੀ ਪਾਇਆ ਗਿਆ ਜੋਕਿ ਬਾਲ ਭਿੱਖਿਆ ਮੁਕਤ ਜ਼ਿਲ੍ਹੇ ਲਈ ਸ਼ੁੱਭ ਸੰਕੇਤ ਹੈ।

ਇਸ ਤੋਂ ਇਲਾਵਾ, ਬਾਲ ਮਜ਼ਦੂਰੀ ਦੀ ਰੋਕਥਾਮ ਲਈ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਲੁਧਿਆਣਾ ਵੱਲੋ ਸਥਾਲਕ ਨੂਰਵਾਲਾ ਰੋਡ, ਰਾਹੋਂ ਰੋਡ ਅਤੇ ਪਿੰਡ ਲੋਹਾਰਾ ਦੇ ਨੇੜਲੇ ਇਲਾਕਿਆਂ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ।

ਚੈਕਿੰਗ ਦੌਰਾਨ ਉਨ੍ਹਾਂ ਢਾਬਿਆਂ, ਰੈਸਟੋਰੈਂਟਾਂ, ਦੁਕਾਨਦਾਰਾਂ ਨੂੰ ਸਪੱਸ਼ਟ ਕੀਤਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਬਾਲ ਮਜ਼ਦੂਰੀ ਨਾ ਕਰਵਾਈ ਜਾਵੇ।

ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਲੁਧਿਆਣਾ ਸ਼੍ਰੀਮਤੀ ਰਸ਼ਮੀ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਇਹ ਜਾਗਰੂਕਤਾ ਅਭਿਆਨ ਅਤੇ ਅਚਨਚੇਤ ਚੈਕਿੰਗ ਜਾਰੀ ਰਹੇਗੀ ਤਾਂ ਜੋ ਲੁਧਿਆਣਾ ਜ਼ਿਲ੍ਹੇ ਨੂੰ ਬਾਲ ਭਿੱਖਿਆ ਤੇ ਬਾਲ ਮਜ਼ਦੂਰੀ ਤੋਂ ਮੁਕਤ ਕਰਵਾਕੇ ਬੱਚਿਆਂ ਦਾ ਭਵਿੱਖ ਉੱਜਵਲ ਬਣਾਇਆ ਜਾ ਸਕੇ।




