ਬੱਚਿਆਂ ਦੀ ਸੁਰੱਖਿਆ ਅਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਬਾਲ ਸੁਰੱਖਿਆ ਯੂਨਿਟ ਵੱਲੋਂ ਸਕੂਲ ਬੱਸਾਂ ਦੀ ਵਿਸੇਸ ਤੋਰ ਤੇ ਕੀਤੀ ਚੈਕਿੰਗ

ਪਠਾਨਕੋਟ 22 ਜਨਵਰੀ( ਸੂਤਰ ) ਬੱਚਿਆਂ ਦੀ ਸੁਰੱਖਿਆ ਅਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪਠਾਨਕੋਟ ਵਿੱਚ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਵੱਲੋਂ ਸਕੂਲੀ ਬੱਚਿਆਂ ਨੂੰ ਲਿਜਾਊਣ ਲਈ ਵਰਤੀਆਂ ਜਾਣ ਵਾਲੀਆਂ ਸਕੂਲ ਬੱਸਾਂ ਦੀ ਵਿਸੇਸ ਤੋਰ ਤੇ ਚੈਕਿੰਗ ਕੀਤੀ ਗਈ।

ਚੈਕਿੰਗ ਦੋਰਾਨ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਇਸ ਦਾ ਮੁੱਖ ਉਦੇਸ ਸਕੂਲੀ ਆਵਾਜਾਈ ਦੌਰਾਨ ਬੱਚਿਆਂ ਦੀ ਸਾਂਭ ਸੰਭਾਲ ਅਤੇ ਜਾਨੀ ਸੁਰੱਖਿਆ ਨਾਲ ਸੰਬੰਧਿਤ ਸਾਰੇ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣਾ ਹੈ।

ਇਸ ਚੈਕਿੰਗ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚ ਬੱਸਾਂ ਦੀ ਫਿਟਨੈੱਸ ਹਾਲਤ, ਰਜਿਸਟ੍ਰੇਸ਼ਨ ਅਤੇ ਇਨਸ਼ੋਰੈਂਸ ਦਸਤਾਵੇਜ਼, ਡਰਾਈਵਰਾਂ ਦੇ ਡ੍ਰਾਇਵਿੰਗ ਲਾਇਸੈਂਸ, ਡਰਾਈਵਰਾਂ ਅਤੇ ਹੈਲਪਰਾਂ ਦੀ ਪੁਲਿਸ ਵੇਰੀਫਿਕੇਸ਼ਨ, ਬੱਸ ਵਿੱਚ ਹੈਲਪਰ ਦੀ ਉਪਲੱਬਧਤਾ, ਫਸਟ ਏਡ ਬਾਕਸ, ਅੱਗ ਬੁਝਾਉ ਵਾਲਾ ਉਪਕਰਨ, ਸਪੀਡ ਗਵਰਨਰ, ਸੀ.ਸੀ.ਟੀ.ਵੀ, ਬੱਸ ਦੇ ਦਰਵਾਜ਼ਿਆਂ ਅਤੇ ਸੀਟਾਂ ਦੀ ਸੁਰੱਖਿਆ, ਅਤੇ ਬੱਚਿਆਂ ਦੀ ਸਹੂਲਤ ਲਈ ਜ਼ਰੂਰੀ ਸਾਰੇ ਪ੍ਰਬੰਧਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ।

ਚੈਕਿੰਗ ਦੌਰਾਨ ਜਿੱਥੇ ਵੀ ਕੁਝ ਘਾਟਾਂ ਜਾਂ ਨਿਯਮਾਂ ਦੀ ਉਲੰਘਣਾ ਪਾਈ ਗਈ, ਉਥੇ ਸਕੂਲ ਪ੍ਰਬੰਧਕਾਂ ਅਤੇ ਬੱਸ ਸਟਾਫ਼ ਨੂੰ ਤੁਰੰਤ ਸੁਧਾਰ ਕਰਨ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਨਾਲ ਹੀ ਉਨ੍ਹਾਂ ਨੂੰ ਇਹ ਵੀ ਅਗਾਹ ਕੀਤਾ ਗਿਆ ਕਿ ਬੱਚਿਆਂ ਦੀ ਸੁਰੱਖਿਆ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।

ਬਾਲ ਸੁਰੱਖਿਆ ਯੂਨਿਟ ਪਠਾਨਕੋਟ ਵੱਲੋਂ ਸਕੂਲ ਪ੍ਰਬੰਧਕਾਂ, ਡਰਾਈਵਰਾਂ ਅਤੇ ਹੈਲਪਰਾਂ ਨੂੰ ਬੱਚਿਆਂ ਨਾਲ ਮਿੱਤਰਤਾਪੂਰਣ ਵਿਵਹਾਰ, ਸੁਰੱਖਿਅਤ ਡਰਾਈਵਿੰਗ, ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਸਭ ਤੋਂ ਉੱਚੀ ਪ੍ਰਾਥਮਿਕਤਾ ਦੇਣ ਬਾਰੇ ਜਾਗਰੂਕ ਵੀ ਕੀਤਾ ਗਿਆ।

ਜਿਲ੍ਹਾ ਬਾਲ ਸੁਰੱਖਿਆ ਅਫਸਰ ਊਸਾ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਚੈਕਿੰਗ ਮੁਹਿੰਮਾਂ ਨਿਯਮਿਤ ਤੌਰ ’ਤੇ ਜਾਰੀ ਰਹਿਣਗੀਆਂ, ਤਾਂ ਜੋ ਜ਼ਿਲ੍ਹੇ ਵਿੱਚ ਸਕੂਲ ਬੱਸਾਂ ਰਾਹੀਂ ਯਾਤਰਾ ਕਰਨ ਵਾਲੇ ਸਾਰੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਜਾ ਸਕੇ।

ਆਖ਼ਰ ਵਿੱਚ, ਮਾਪਿਆਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਸਕੂਲ ਬੱਸ ਵਿੱਚ ਬੱਚਿਆਂ ਦੀ ਸੁਰੱਖਿਆ ਸਬੰਧੀ ਕੋਈ ਕਮੀ ਜਾਂ ਲਾਪਰਵਾਹੀ ਨਜ਼ਰ ਆਵੇ, ਤਾਂ ਤੁਰੰਤ ਸੰਬੰਧਿਤ ਸਕੂਲ ਪ੍ਰਬੰਧਨ ਜਾਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸਥਿਤ ਜਿਲ੍ਹਾ ਬਾਲ ਸੁਰੱਖਿਆ ਯੂਨਿਟ (43P”) ਪਠਾਨਕੋਟ ਦੇ ਕਮਰਾ ਨੰ-219 ਵਿਖੇ ਸੂਚਿਤ ਕੀਤਾ ਜਾਵੇ, ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।




