ਯੁੱਧ ਨਸ਼ਿਆਂ ਵਿਰੁੱਧ ਅਭਿਆਨ ਤਹਿਤ ਪਿੰਡ ਰਾਏਪੁਰ ਵਿਖੇ ਕੱਢੀ ਜਾਗਰੂਕਤਾ ਰੈਲੀ

ਅਮਰਗੜ੍ਹ 20 ਜਨਵਰੀ ( ਸੂਤਰ ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਮ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਮੰਤਵ ਦੀ ਪੂਰਤੀ ਲਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਮੁੱਖ ਬੁਲਾਰੇ ਬਲਤੇਜ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਰਾਏਪੁਰ ਵਿਚ ਪਿੰਡ ਵਾਸੀਆਂ ਨੂੰ ਨਸ਼ਿਆਂ ਖਿਲ਼ਾਫ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ।

ਇਸ ਰੈਲੀ ਦਾ ਮੁੱਖ ਉਦੇਸ਼ ਪਿੰਡ ਦੇ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾ ਬਾਰੇ ਜਾਣੂ ਕਰਨਾ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵੱਲ ਪ੍ਰੇਰਿਤ ਕਰਨਾ ਸੀ।


ਇਸ ਰੈਲੀ ਦੌਰਾਨ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਜੀਵਨ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਨਸ਼ੇ ਨਾਲ ਜਿੱਥੇ ਨੌਜਵਾਨ ਪੀੜ੍ਹੀ ਦਾ ਭਵਿੱਖ ਤਬਾਹ ਹੁੰਦਾ ਹੈ ਉੱਥੇ ਹੀ ਪਰਿਵਾਰ ਵਿੱਚ ਕਲੇਸ਼, ਗਰੀਬੀ ਅਤੇ ਸਮਾਜ ਵਿੱਚ ਅਪਰਾਧ ਵੱਧਦਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੂੰ ਨਸ਼ਾ ਕਰਨ ਵਾਲਿਆਂ ਨੂੰ ਸਮਾਜ ਦੀ ਕੜੀ ਨਾਲ ਮੁੜ ਜੋੜਨ ਲਈ ਸਥਾਪਿਤ ਕੀਤੇ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪਿੰਡ ਦੇ ਬਜ਼ੁਰਗਾਂ, ਨੌਜਵਾਨਾਂ ਅਤੇ ਮਹਿਲਾਵਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦਾ ਸੰਕਲਪ ਲਿਆ

ਇਸ ਮੌਕੇ ਮੈਂਬਰ ਪਲਾਨਿੰਗ ਕਮੇਟੀ ਹਰਪ੍ਰੀਤ ਸਿੰਘ ਰੂਪਰਾਏ, ਜ਼ਿਲ੍ਹਾ ਮੀਡੀਆ ਇੰਚਾਰਜ ਕੁਲਵਿੰਦਰ ਸਿੰਘ ਬੱਬੂ, ਕਿਸਾਨ ਵਿੰਗ ਬਲਾਕ ਪ੍ਰਧਾਨ ਸਾਬਕਾ ਫੌਜੀ ਅਵਤਾਰ ਸਿੰਘ, ਪੰਚਾਇਤ ਮੈਂਬਰ ਪਵਿੱਤਰ ਸਿੰਘ, ਪੰਚਾਇਤ ਮੈਂਬਰ ਰਵਿੰਦਰ ਸਿੰਘ, ਨੌਜਵਾਨ ਅਕਾਸ਼ਦੀਪ ਸਿੰਘ, ਐਸ.ਸੀ ਵਿੰਗ ਪ੍ਰਧਾਨ ਬਲਵੀਰ ਸਿੰਘ ਧਿਰਾਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।




