Uncategorized

ਰਾਸ਼ਟਰੀ ਸੜਕ ਸੁਰੱਖਿਆ ਮਹੀਨਾ 2026 ਤਹਿਤ ਡਰਾਈਵਰਾਂ ਦੀਆਂ ਅੱਖਾਂ ਦੀ ਵਿਸ਼ੇਸ਼ ਜਾਂਚ

55 ਡਰਾਈਵਰਾਂ ਦੀ ਕੀਤੀ ਜਾਂਚ, 7 ਨੂੰ ਹੋਰ ਵਿਸਥਾਰਪੂਰਵਕ ਜਾਂਚ ਲਈ ਕੀਤਾ ਰੈਫਰ

ਅਮਰਗੜ੍ਹ 29 ਜਨਵਰੀ ( ਸੂਤਰ ) ਕੌਮੀ ਸੜਕ ਸੁਰੱਖਿਆ ਮਹੀਨਾ–2026 ਦੇ ਤਹਿਤ ਸੜਕ ਹਾਦਸਿਆਂ ਨੂੰ ਘਟਾਉਣ ਅਤੇ ਟ੍ਰੈਫਿਕ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਖੇਤਰੀ ਟਰਾਂਸਪੋਰਟ ਅਫਸਰ ਗੁਰਮੀਤ ਕੁਮਾਰ ਬਾਂਸਲ ਦੀ ਅਗਵਾਈ ਹੇਠ ਖੇਤਰੀ ਡਰਾਈਵਿੰਗ ਸਿਖਲਾਈ ਕੇਂਦਰ ਤੋਲੇਵਾਲ ਵਿਖੇ ਡਰਾਈਵਰਾਂ ਲਈ ਅੱਖਾਂ ਦੀ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਮੰਤਵ ਡਰਾਈਵਰਾਂ ਦੀ ਨਜ਼ਰ ਦੀ ਜਾਂਚ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਡਰਾਈਵਿੰਗ ਲਈ ਚੰਗੀ ਦ੍ਰਿਸ਼ਟੀ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ।

ਇਸ ਮੌਕੇ ਖੇਤਰੀ ਟਰਾਂਸਪੋਰਟ ਅਫਸਰ ਗੁਰਮੀਤ ਕੁਮਾਰ ਬਾਂਸਲ ਨੇ ਕਿਹਾ ਕਿ ਅਕਸਰ ਨਜ਼ਰ ਦੀ ਕਮੀ, ਚਸ਼ਮੇ ਦੀ ਲੋੜ ਜਾਂ ਅੱਖਾਂ ਨਾਲ ਸਬੰਧਿਤ ਹੋਰ ਸਮੱਸਿਆਵਾਂ ਕਾਰਨ ਡਰਾਈਵਿੰਗ ਦੌਰਾਨ ਹਾਦਸਿਆਂ ਦਾ ਖਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਰਾਹੀਂ ਡਰਾਈਵਰਾਂ ਦੀ ਸਿਹਤ ਦੀ ਜਾਂਚ ਕਰਕੇ ਨਾ ਸਿਰਫ਼ ਉਨ੍ਹਾਂ ਦੀ ਆਪਣੀ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਹੈ, ਸਗੋਂ ਹੋਰ ਸੜਕ ਉਪਭੋਗਤਾਵਾਂ ਦੀ ਜਾਨ ਵੀ ਬਚਾਈ ਜਾ ਸਕਦੀ ਹੈ।

ਕੈਂਪ ਦੌਰਾਨ ਡਾਕਟਰੀ ਟੀਮ ਵੱਲੋਂ ਡਰਾਈਵਰਾਂ ਦੀ ਦੂਰ ਅਤੇ ਨਜ਼ਦੀਕ ਨਜ਼ਰ, ਰੰਗ ਪਛਾਣ ਸਮੇਤ ਅੱਖਾਂ ਦੀ ਮੁੱਢਲੀ ਜਾਂਚ ਕੀਤੀ ਗਈ। ਇਸ ਦੌਰਾਨ ਕੁੱਲ 55 ਡਰਾਈਵਰਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 7 ਡਰਾਈਵਰਾਂ ਨੂੰ ਹੋਰ ਵਿਸਥਾਰਪੂਰਵਕ ਮੈਡੀਕਲ ਜਾਂਚ ਅਤੇ ਇਲਾਜ ਲਈ ਰੈਫਰ ਕੀਤਾ ਗਿਆ, ਤਾਂ ਜੋ ਸਮੇਂ ਸਿਰ ਇਲਾਜ ਕਰਵਾ ਕੇ ਉਨ੍ਹਾਂ ਦੀ ਦ੍ਰਿਸ਼ਟੀ ਸੁਧਾਰੀ ਜਾ ਸਕੇ।

ਇਸ ਮੌਕੇ ਸਹਾਇਕ ਟਰਾਂਸਪੋਰਟ ਅਫਸਰ ਸਹਿਨਾਜ ਪਰਵੀਨ ਨੇ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਉਹ ਨਿਯਮਿਤ ਤੌਰ ‘ਤੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ, ਚਸ਼ਮੇ ਦੀ ਲੋੜ ਹੋਣ ‘ਤੇ ਉਸਦੀ ਵਰਤੋਂ ਜ਼ਰੂਰ ਕਰਨ ਅਤੇ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪੂਰੀ ਪਾਲਣਾ ਕਰਦੇ ਹੋਏ ਸੁਰੱਖਿਅਤ ਡਰਾਈਵਿੰਗ ਨੂੰ ਅਪਣਾਉਣ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਸਾਂਝੀ ਜ਼ਿੰਮੇਵਾਰੀ ਹੈ ਅਤੇ ਹਰ ਵਿਅਕਤੀ ਨੂੰ ਆਪਣੀ ਤੇ ਦੂਜਿਆਂ ਦੀ ਸੁਰੱਖਿਆ ਲਈ ਸਾਵਧਾਨ ਰਹਿਣਾ ਚਾਹੀਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!