ਮਾਈ ਇੰਡੀਆ, ਮਾਈ ਵੋਟ -ਸਿਟੀਜਨ ਐਟ ਦੀ ਹਾਰਟ ਆਫ ਇੰਡੀਅਨ ਡੈਮੋਕ੍ਰੇਸੀ” ਦੇ ਥੀਮ ਹੇਠ 16ਵੇਂ ਰਾਸ਼ਟਰੀ ਵੋਟਰ ਦਿਵਸ ਦਾ ਆਯੌਜਨ
“ਵੋਟ ਪਾਉਣਾ ਸਿਰਫ਼ ਹੱਕ ਨਹੀਂ, ਸਗੋਂ ਹਰ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਹੈ” - ਗੁਰਮੀਤ ਕੁਮਾਰ ਬਾਂਸਲ

ਮਾਲੇਰਕੋਟਲਾ, 25 ਜਨਵਰੀ ( ਵਾਸ਼ਿਸ਼ਟ ) ਜ਼ਿਲ੍ਹਾ ਮਾਲੇਰਕੋਟਲਾ ਵਿਖੇ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਅਤੇ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮਾਈ ਇੰਡੀਆ, ਮਾਈ ਵੋਟ -ਸਿਟੀਜਨ ਐਟ ਦੀ ਹਾਰਟ ਆਫ ਇੰਡੀਅਨ ਡੈਮੋਕ੍ਰੇਸੀ” ਥੀਮ ਹੇਠ 16ਵੇਂ ਰਾਸ਼ਟਰੀ ਵੋਟਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਇਸਲਾਮੀਆ ਗਰਲਜ਼ ਕਾਲਜ ਵਿੱਚ ਭਰਪੂਰ ਉਤਸ਼ਾਹ ਨਾਲ ਮਨਾਇਆ ਗਿਆ।

ਸਮਾਗਮ ਮੌਕੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-105 ਕਮ ਐਸ.ਡੀ.ਐਮ. ਮਾਲੇਰਕੋਟਲਾ ਗੁਰਮੀਤ ਕੁਮਾਰ ਬਾਂਸਲ, ਚੋਣਕਾਰ ਰਜਿਸਟ੍ਰੇਸਨ ਅਫ਼ਸਰ-106 ਕਮ ਐਸ.ਡੀ.ਐਮ. ਅਮਰਗੜ੍ਹ ਸੁਰਿੰਦਰ ਕੌਰ,ਪ੍ਰਿੰਸੀਪਲ ਰਾਹੀਲਾ ਖਾਨ,ਪ੍ਰਿੰਸੀਪਲ ਡਾ ਮੁਹੰਮਦ ਇਰਫ਼ਾਨ, ਚੋਣ ਤਹਿਸ਼ੀਲਦਾਰ ਬ੍ਰਿਜ਼ ਮੋਹਨ, ਮਨਪ੍ਰੀਤ, ਮੁਹੰਮਦ ਬਸ਼ੀਰ, ਤੋਂ ਇਲਾਵਾ ਹੋਰ ਅਧਿਕਾਰੀ ਕਾਲਜ ਦਾ ਸਟਾਫ ਅਤੇ ਨਹਿਰੂ ਯੁਵਾ ਕੇਂਦਰ ਦੇ ਮੈਂਬਰ ਵੀ ਮੌਜੂਦ ਸਨ

ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-105 ਕਮ ਐਸ.ਡੀ.ਐਮ. ਮਾਲੇਰਕੋਟਲਾ ਗੁਰਮੀਤ ਕੁਮਾਰ ਬਾਂਸਲ ਨੇ ਦੱਸਿਆ ਕਿ ਇਹ ਦਿਵਸ ਭਾਰਤ ਚੋਣ ਕਮਿਸ਼ਨ ਦੀ ਸਥਾਪਨਾ (25 ਜਨਵਰੀ, 1950) ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਨਾਗਰਿਕਾਂ, ਵਿਸ਼ੇਸ਼ ਕਰਕੇ ਨੌਜਵਾਨਾਂ ਦੀ ਚੋਣ ਪ੍ਰਕਿਰਿਆ ਵਿੱਚ ਭਾਗੀਦਾਰੀ ਵਧਾਉਣਾ ਹੈ।

ਐਸ.ਡੀ.ਐਮ.ਗੁਰਮੀਤ ਕੁਮਾਰ ਬਾਂਸਲ ਨੇ ਕਿਹਾ ਕਿ “ਵੋਟ ਪਾਉਣਾ ਸਿਰਫ਼ ਇੱਕ ਅਧਿਕਾਰ ਨਹੀਂ, ਸਗੋਂ ਹਰ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਹੈ।” ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਹਰ ਯੋਗ ਨਾਗਰਿਕ ਨੂੰ ਵੋਟਰ ਬਣ ਕੇ ਆਪਣੀ ਵੋਟ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ ਅਤੇ ਹੋਰਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

ਐਸ.ਡੀ.ਐਮ. ਅਮਰਗੜ੍ਹ ਸੁਰਿੰਦਰ ਕੌਰ ਨੇ ਕਿਹਾ ਕਿ ਲੋਕਤੰਤਰ ਦੇ ਇਸ ਮਹਾਨ ਤਿਉਹਾਰ ਵਿੱਚ ਸਾਰਿਆਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ ਅਤੇ ਹਰ ਵੋਟਰ ਨੂੰ ਬਿਨਾਂ ਕਿਸੇ ਲਾਲਚ ਦੇ ਆਪਣੇ ਵਿਵੇਕ ਅਨੁਸਾਰ ਵੋਟ ਪਾਉਣੀ ਚਾਹੀਦੀ ਹੈ।

ਸਮਾਗਮ ਦੀ ਸ਼ੁਰੂਆਤ ਕਾਲਜ ਦੀ ਪ੍ਰਿੰਸੀਪਲ ਮੈਡਮ ਰਾਹੀਲਾ ਖਾਨ ਵੱਲੋਂ ਮਹਿਮਾਨਾਂ ਦੇ ਸਵਾਗਤ ਨਾਲ ਹੋਈ। ਇਸ ਦੌਰਾਨ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ, ਕਵਿਤਾਵਾਂ ਅਤੇ ਨਾਟਕਾਂ ਰਾਹੀਂ ਵੋਟ ਦੀ ਮਹੱਤਤਾ ਅਤੇ ਭਾਰਤੀ ਲੋਕਤੰਤਰ ਦੀ ਤਾਕਤ ਨੂੰ ਬੜੀ ਸੋਹਣੀ ਢੰਗ ਨਾਲ ਦਰਸਾਇਆ ਗਿਆ ।

ਇਸ ਮੌਕੇ ਚੋਣ ਪ੍ਰਕਿਰਿਆ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ, ਬੀ.ਐਲ.ਓਜ਼ ਅਤੇ ਸਵੀਪ ਨਾਲ ਜੁੜੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਰੰਗੋਲੀ, ਸਲੋਗਨ ਅਤੇ ਭਾਸ਼ਣ ਮੁਕਾਬਲਿਆਂ ਦੇ ਜੇਤੂਆਂ ਨੂੰ ਵੀ ਇਨਾਮ ਦੇ ਕੇ ਹੌਂਸਲਾ ਅਫਜ਼ਾਈ ਕੀਤੀ ਗਈ।




