Uncategorized

ਖਟਕੜ ਕਲਾਂ ਵਿਖੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਹੀਦ–ਏ–ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਬੁੱਤ ਅੱਗੇ ਸ਼ਰਧਾ ਦੇ ਫੁੱਲ ਕੀਤੇ ਭੇਂਟ

ਸ਼ਹੀਦਾਂ ਦੇ ਸੁਪਨਿਆਂ ਸਾਕਾਰ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ: ਡਾ. ਬਲਬੀਰ ਸਿੰਘ

ਬੰਗਾ 27 ਜਨਵਰੀ ( ਸੂਤਰ ) ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਦੀਆਂ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਬਣੀਆਂ ਯਾਦਗਾਰਾਂ ਵਿਖੇ ਨਤਮਸਤਕ ਹੋਏ।

ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀਆਂ ਸਦਕਾ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਇਕਜੁੱਟ ਹੋ ਕੇ ਦੇਸ਼ ਦੀ ਤਰੱਕੀ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਸ਼ਹੀਦਾਂ ਵਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣ ਚਾਹੀਦਾ ਹੈ।

ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ 77ਵੇਂ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਡਾ. ਬੀ.ਆਰ ਅੰਬੇਡਕਰ ਵੱਲੋਂ ਸਾਨੂੰ ਇੱਕ ਵਿਲੱਖਣ ਸੰਵਿਧਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਫੌਜ, ਹਥਿਆਰਬੰਦ ਫੌਜ, ਪੁਲਿਸ ਦੇ ਜਵਾਨਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਸਲਾਮ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਸੂਬੇ ਦੀ ਸੱਤਾ ਸੰਭਾਲਣ ਮੌਕੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸੇ ਸਥਾਨ ’ਤੇ ਸੰਹੁ ਚੁੱਕੀ ਗਈ ਸੀ ਅਤੇ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਸ਼ਹੀਦ–ਏ–ਆਜ਼ਮ ਸ. ਭਗਤ ਸਿੰਘ ਅਤੇ ਡਾ. ਬੀ.ਆਰ. ਅੰਬੇਡਕਰ ਦੀ ਤਸਵੀਰਾਂ ਸਾਰੇ ਦਫ਼ਤਰਾਂ ਵਿੱਚ ਲਗਾਈਆਂ ਜਾਣਗੀਆਂ। ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਲਗਾਤਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਇਮਾਨਦਾਰੀ ਨਾਲ ਦਿਨ–ਰਾਤ ਕੰਮ ਕਰ ਰਹੇ ਹਾਂ।

ਉਨ੍ਹਾਂ ਕਿਹਾ ਕਿ ਹਰ ਸਾਲ 26 ਜਨਵਰੀ ਨੂੰ ਪੂਰਾ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ ਉੱਤੇ ਆਧਾਰਿਤ ਆਜ਼ਾਦ ਭਾਰਤ ਦੀ ਸਥਾਪਨਾ ਦਾ ਜਸ਼ਨ ਮਨਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਉਹ ਦਿਨ ਹੈ, ਜਦੋਂ ਭਾਰਤ ਦੇ ਲੋਕ ਆਪਣੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਵੱਡੇ ਵਡੇਰਿਆਂ ਵੱਲੋਂ ਕੀਤੇ ਕੰਮਾਂ ਨੂੰ ਸ਼ੁਕਰਾਨੇ ਵਜੋਂ ਯਾਦ ਕਰਦੇ ਹਨ ਜਿਹਨਾਂ ਨੇ ਇੱਕ ਅਜਿਹੇ ਦੇਸ਼ ਦੀ ਸਥਾਪਨਾ ਕੀਤੀ ਜਿਸ ਦੇ ਵਿਲੱਖਣ ਸੰਵਿਧਾਨ ਵਿੱਚ ਸਨਮਾਨ ਅਤੇ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਇਆ ਗਿਆ ਅਤੇ ਜਿਸ ਰਾਹੀਂ ਸਾਨੂੰ ਵੋਟ ਪਾਉਣ ਦਾ ਹੱਕ ਮਿਲਿਆ।

ਇਸ ਮੌਕੇ ’ਤੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ, ਵਿਧਾਇਕ ਹਲਕਾ ਬੰਗਾ ਸੁਖਵਿੰਦਰ ਸੁੱਖੀ, ਵਾਈਸ ਚੇਅਰਮੈਨ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕੁਲਜੀਤ ਸਰਹਾਲ, ਚੇਅਰਮੈਨ ਮਾਰਕੀਟ ਕਮੇਟੀ ਬੰਗਾ ਬਲਬੀਰ ਕਰਨਾਣਾ, ਐਸ.ਡੀ.ਐਮ ਵਿਪਨ ਭੰਡਾਰੀ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!