ਵਧੀਕ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੀਐਮ ਸਵਨਿਧੀ ਸਕੀਮ ਤਹਿਤ ਵਿਸ਼ੇਸ਼ ਕੈਂਪਾਂ ਦਾ ਸਫਲ ਆਯੋਜਨ
50 ਤੋਂ ਵੱਧ ਲੋਨ ਕੇਸ ਡਿਸਬਰਸ, ਸੈਂਕੜੇ ਨਵੇਂ ਕੇਸ ਅਤੇ ਕ੍ਰੈਡਿਟ ਕਾਰਡ ਅਪਲਾਈ

ਮਾਲੇਰਕੋਟਲਾ, 24 ਜ਼ਨਵਰੀ ( ਸੂਤਰ ) ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਕਾਰਜ ਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਨਗਰ ਕੌਂਸਲ ਮਾਲੇਰਕੋਟਲਾ, ਨਗਰ ਕੌਂਸਲ ਅਹਿਮਦਗੜ੍ਹ ਅਤੇ ਨਗਰ ਪੰਚਾਇਤ ਅਮਰਗੜ੍ਹ ਵਿਖੇ ਪੀਐਮ ਸਵਨਿਧੀ ਸਕੀਮ ਤਹਿਤ ਕ੍ਰੈਡਿਟ ਕਾਰਡ ਅਪਲਾਈ ਕਰਨ ਅਤੇ ਲੋਨ ਡਿਸਬਰਸਮੈਂਟ ਲਈ ਵਿਸ਼ੇਸ਼ ਕੈਂਪ ਲਗਾਏ ਗਏ।

ਇਨ੍ਹਾਂ ਕੈਂਪਾਂ ਦੌਰਾਨ ਵੱਖ-ਵੱਖ ਬੈਂਕਾਂ ਵੱਲੋਂ 50 ਤੋਂ ਵੱਧ ਲੋਨ ਕੇਸ ਸਫਲਤਾਪੂਰਵਕ ਡਿਸਬਰਸ ਕੀਤੇ ਗਏ, ਜਦਕਿ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਵੱਲੋਂ ਵੱਡੀ ਗਿਣਤੀ ਵਿੱਚ ਨਵੇਂ ਲੋਨ ਕੇਸ ਅਤੇ ਕ੍ਰੈਡਿਟ ਕਾਰਡ ਅਪਲਾਈ ਕਰਵਾਏ ਗਏ।

ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਮੋਤੀ ਬਾਜ਼ਾਰ ਬ੍ਰਾਂਚ ਮਾਲੇਰਕੋਟਲਾ ਦੇ ਮੈਨੇਜਰ ਪੁਸ਼ਪਿੰਦਰ ਸ਼ਰਮਾ, ਲੋਨ ਮੈਨੇਜਰ ਹਰਜੀਤ ਸਿੰਘ, ਪੰਜਾਬ ਨੈਸ਼ਨਲ ਬੈਂਕ ਅਮਰਗੜ੍ਹ ਦੇ ਮੈਨੇਜਰ ਹਰਮਨਦੀਪ ਸਿੰਘ, ਪੀਐਮ ਸਵਨਿਧੀ ਸਕੀਮ ਨਗਰ ਕੌਂਸਲ ਮਾਲੇਰਕੋਟਲਾ ਦੇ ਨੋਡਲ ਅਫਸਰ ਅਛਰਾ ਸਿੰਘ, ਨਗਰ ਕੌਂਸਲ ਅਹਿਮਦਗੜ੍ਹ ਦੇ ਨੋਡਲ ਅਫਸਰ ਵਿਜੇ ਅਤੇ ਆਕਾਸ਼, ਸਿਟੀ ਮਿਸ਼ਨ ਮੈਨੇਜਰ ਅਵਿਨਾਸ਼ ਸਿੰਗਲਾ ਅਤੇ ਯਸ਼ਪਾਲ ਸ਼ਰਮਾ ਵੱਲੋਂ ਭਾਗ ਲਿਆ ਗਿਆ।

ਜ਼ਿਕਰਯੋਗ ਹੈ ਕਿ ਸਟੇਟ ਬੈਂਕ ਆਫ ਇੰਡੀਆ ਅਹਿਮਦਗੜ੍ਹ ਦੇ ਮੈਨੇਜਰ ਰਿਪੂਦਮਨ ਸਿੰਘ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਸਕੀਮ ਤਹਿਤ ਤਿੰਨ ਕ੍ਰੈਡਿਟ ਕਾਰਡ ਸਟਰੀਟ ਵੈਂਡਰਾਂ ਨੂੰ ਜਾਰੀ ਕੀਤੇ ਗਏ। ਇਸ ਮੌਕੇ ਕਾਰਜ ਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ ਨੇ ਬੈਂਕਾਂ ਅਤੇ ਕਮੇਟੀ ਸਟਾਫ ਨੂੰ ਹਦਾਇਤ ਕੀਤੀ ਕਿ ਸਟਰੀਟ ਵੈਂਡਰਾਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਲੋਨ ਡਿਸਬਰਸ ਕੀਤੇ ਜਾਣ ਅਤੇ ਨਵੇਂ ਰੇੜੀ-ਫੜੀ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੀ ਸਕੀਮ ਦਾ ਲਾਭ ਦਿਵਾਇਆ ਜਾਵੇ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਮਾਲੇਰਕੋਟਲਾ ਵਿੱਚ 15 ਹਜ਼ਾਰ ਰੁਪਏ ਤੱਕ ਦੇ 2597 ਕੇਸ, 25 ਹਜ਼ਾਰ ਰੁਪਏ ਤੱਕ ਦੇ 852 ਕੇਸ ਅਤੇ 50 ਹਜ਼ਾਰ ਰੁਪਏ ਤੱਕ ਦੇ 181 ਕੇਸ ਡਿਸਬਰਸ ਕੀਤੇ ਜਾ ਚੁੱਕੇ ਹਨ, ਜੋ ਕਿ ਸਕੀਮ ਦੀ ਵੱਡੀ ਸਫਲਤਾ ਨੂੰ ਦਰਸਾਉਂਦਾ ਹੈ।



