ਡਿਪਟੀ ਕਮਿਸ਼ਨਰ ਵਲੋਂ ਤਹਿਸੀਲ, ਅਸ਼ਟਾਮ ਫਰੋਸ਼ਾਂ ਤੇ ਵਸੀਕਾ ਨਵੀਸਾਂ ਦੀ ਚੈਕਿੰਗ
2 ਵਸੀਕਾ ਨਵੀਸਾਂ ਅਤੇ 1 ਅਸ਼ਟਾਮ ਫਰੋਸ਼ ਨੂੰ ਨੋਟਿਸ ਜਾਰੀ

ਬਰਨਾਲਾ, 24 ਨਵੰਬਰ ( ਬਿਊਰੋ ) ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਵਲੋਂ ਤਹਿਸੀਲ ਕੰਪਲੈਕਸ ਬਰਨਾਲਾ ਦਾ ਦੌਰਾ ਕਰਕੇ ਕੰਮਕਾਜ ਦਾ ਜਾਇਜ਼ਾ ਲਿਆ ਗਿਆ।

ਡਿਪਟੀ ਕਮਿਸ਼ਨਰ ਨੇ ਤਹਿਸੀਲ ਵਿੱਚ ਆਉਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਰਜਿਸਟਰੀਆਂ ਦੇ ਕੰਮ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਓਨ੍ਹਾਂ ਅਸ਼ਟਾਮ ਫਰੋਸ਼ਾਂ ਅਤੇ ਵਸੀਕਾ ਨਵੀਸਾਂ ਦੀ ਚੈਕਿੰਗ ਕੀਤੀ।

ਇਸ ਮੌਕੇ ਬਲਦੇਵ ਸਿੰਘ ਵਸੀਕਾ ਨਵੀਸ, ਸੋਮ ਪ੍ਰਕਾਸ਼ ਵਸੀਕਾ ਨਵੀਸ ਅਤੇ ਪ੍ਰਵੇਸ਼ ਕੁਮਾਰ ਅਸ਼ਟਾਮ ਫਰੋਸ਼ ਦੀ ਚੈਕਿੰਗ ਦੌਰਾਨ ਕਮੀਆਂ ਪਾਈਆਂ ਗਈਆਂ, ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।

ਓਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਸਰਕਾਰ ਵਲੋਂ ਨਿਰਧਾਰਿਤ ਫੀਸਾਂ ਸਬੰਧੀ ਬੋਰਡ ਦੁਕਾਨ ਦੇ ਬਾਹਰ ਲਗਾਏ ਜਾਣ ਅਤੇ ਲਾਇਸੈਂਸ ਵੀ ਲਗਾਇਆ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਸਮਾਂਬੱਧ ਅਤੇ ਪਾਰਦਰਸ਼ੀ ਸੇਵਾਵਾਂ ਮੁਹਈਆ ਕਰਾਉਣ ਲਈ ਵਚਨਬੱਧ ਹੈ ਅਤੇ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ’ਚ ਕਿਸੇ ਕਿਸਮ ਦੀ ਬੇਲੋੜੀ ਦੇਰੀ, ਢਿੱਲ ਜਾਂ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਉਨ੍ਹਾਂ ਤਹਿਸੀਲ ਆਉਣ ਵਾਲੇ ਲੋਕਾਂ ਨਾਲ ਗੱਲ ਕੀਤੀ ਅਤੇ ਕਿਹਾ ਕਿ ਜੇਕਰ ਕਿਸੇ ਨੂੰ ਆਪਣੇ ਕੰਮ ਕਰਵਾਉਣ ਵਿਚ ਬੇਲੋੜੀ ਦੇਰੀ ਜਾਂ ਮੁਸ਼ਕਿਲ ਆਉਂਦੀ ਹੈ ਜਾਂ ਕੋਈ ਰਿਸ਼ਵਤ ਮੰਗਦਾ ਹੈ ਤਾਂ ਓਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ।

ਇਸ ਸਬੰਧੀ ਪੰਜਾਬ ਸਰਕਾਰ ਵਲੋਂ ਜਾਰੀ ਨੰਬਰ 9501200200 ‘ਤੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ।#Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #newsvartacurrentnews #currentnews #malerkotla #latestupdates #latestnewsupdate



