ਇਤਿਹਾਸ ਤੇ ਵਿਰਾਸਤ ਨਾਲ ਜੋੜੇਗਾ “ਲਾਈਟ ਐਂਡ ਸਾਊਂਡ” ਸਮਾਗਮ — ਗੁਰਦਿੱਤ ਸਿੰਘ ਸੇਖੋਂ
ਵਿਧਾਇਕ ਵੱਲੋਂ ਸੰਗਤਾਂ ਨੂੰ 8 ਨਵੰਬਰ (ਸ਼ਨੀਵਾਰ) ਸ਼ਾਮ 6 ਤੋਂ 8 ਵਜੇ ਤੱਕ ਨਹਿਰੂ ਸਟੇਡੀਅਮ ਪਹੁੰਚਣ ਦੀ ਅਪੀਲ

ਫ਼ਰੀਦਕੋਟ, 6 ਨਵੰਬਰ ( ਬਿਊਰੋ, ਵਾਸ਼ਿਸ਼ਟ ) ਫ਼ਰੀਦਕੋਟ ਵਿਧਾਨ ਸਭਾ ਹਲਕੇ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 8 ਨਵੰਬਰ 2025 (ਸ਼ਨੀਵਾਰ) ਸ਼ਾਮ 6 ਤੋਂ 8 ਵਜੇ ਤੱਕ ਨਹਿਰੂ ਸਟੇਡੀਅਮ ਫ਼ਰੀਦਕੋਟ ਵਿੱਚ ਆਯੋਜਿਤ “ਲਾਈਟ ਐਂਡ ਸਾਊਂਡ” ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ।

ਇਹ ਵਿਲੱਖਣ ਸਮਾਗਮ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਆਦਿ ਮਹਾਨ ਸ਼ਹੀਦਾਂ ਦੀ ਅਮਰ ਸ਼ਹਾਦਤ ਨੂੰ ਸਮਰਪਿਤ ਹੈ।

ਸ. ਸੇਖੋਂ ਨੇ ਕਿਹਾ ਕਿ ਇਹ ਸਮਾਗਮ ਸਾਨੂੰ ਆਪਣੇ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੀਆਂ ਅਮਰ ਕੁਰਬਾਨੀਆਂ ਨੂੰ ਯਾਦ ਕਰਨ ਦਾ ਇਕ ਅਨਮੋਲ ਮੌਕਾ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ “ਰੌਸ਼ਨੀ ਤੇ ਆਵਾਜ਼” ਦੇ ਇਸ ਵਿਲੱਖਣ ਪ੍ਰੋਗਰਾਮ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧਰਮ ਲਈ ਕੀਤੇ ਬਲਿਦਾਨਮਈ ਜੀਵਨ ਪ੍ਰਸੰਗ ਨੂੰ ਦਰਸਾਇਆ ਜਾਵੇਗਾ, ਜੋ ਹਰ ਉਮਰ ਦੇ ਲੋਕਾਂ, ਖ਼ਾਸ ਤੌਰ ‘ਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਬਣੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਸਮਾਗਮਾਂ ਰਾਹੀਂ ਲੋਕਾਂ ਨੂੰ ਆਪਣੇ ਇਤਿਹਾਸ, ਧਾਰਮਿਕ ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜਨ ਦਾ ਉਦੇਸ਼ ਹੈ। ਉਨ੍ਹਾਂ ਕਿਹਾ ਕਿ “ਸਾਡੇ ਗੁਰੂ ਸਾਹਿਬਾਨਾਂ ਨੇ ਧਰਮ, ਨਿਆਂ ਅਤੇ ਮਨੁੱਖਤਾ ਦੀ ਰੱਖਿਆ ਲਈ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ। ਉਹਨਾਂ ਦੀਆਂ ਕੁਰਬਾਨੀਆਂ ਸਾਨੂੰ ਏਕਤਾ, ਸਹਿਨਸ਼ੀਲਤਾ ਅਤੇ ਸੱਚਾਈ ਦੇ ਰਸਤੇ ‘ਤੇ ਤੁਰਨ ਦੀ ਪ੍ਰੇਰਣਾ ਦਿੰਦੀਆਂ ਹਨ ।

ਅੰਤ ਵਿੱਚ, ਸ. ਗੁਰਦਿੱਤ ਸਿੰਘ ਸੇਖੋਂ ਨੇ ਜ਼ਿਲ੍ਹਾ ਵਾਸੀਆਂ, ਵਿਦਿਆਰਥੀਆਂ, ਅਧਿਆਪਕਾਂ, ਸਮਾਜ ਸੇਵਕਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਸਮੇਤ ਇਸ ਪਵਿੱਤਰ ਤੇ ਇਤਿਹਾਸਕ ਯਾਦਗਾਰ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਇਸਨੂੰ ਸਫਲ ਬਣਾਉਣ।




