ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ , ਐਸ.ਡੀ.ਐਮ. ਅਹਿਮਦਗੜ੍ਹ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ
ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਜੀਰੋ ਪੱਧਰ ‘ਤੇ ਲਿਆਉਣ ਲਈ ਐਸ.ਡੀ.ਐਮ. ਅਹਿਮਦਗੜ੍ਹ ਦੀ ਅਪੀਲ - ਹਰ ਅਧਿਕਾਰੀ ਤੇ ਨਾਗਰਿਕ ਆਪਣਾ ਫਰਜ ਨਿਭਾਏ

ਅਹਿਮਦਗੜ੍ਹ 3 ਨਵੰਬਰ ( ਬਿਊਰੋ, ਵਾਸ਼ਿਸ਼ਟ, ਦਲਜਿੰਦਰ ਸਿੰਘ ਚੀਮਾਂ ) ਮਾਲੇਰਕੋਟਲਾ ਜ਼ਿਲ੍ਹੇ ਦੀ ਸਬ ਡਵੀਜਨ ਅਹਿਮਦਗੜ੍ਹ ਵਿੱਚ ਝੋਨੇ ਦੀ ਕਟਾਈ ਮੌਸਮ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਅਤੇ ‘ਜ਼ੀਰੋ ਬਰਨਿੰਗ’ ਦਾ ਟੀਚਾ ਹਾਸਲ ਕਰਨ ਲਈ ਉਪ ਮੰਡਲ ਮੈਜਿਸਟਰੇਟ ਗੁਰਮੀਤ ਕੁਮਾਰ ਬਾਂਸਲ ਵੱਲੋਂ ਕਲੱਸਟਰ ਅਧਿਕਾਰੀਆਂ ਅਤੇ ਨੋਡਲ ਅਫਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।

ਐਸ.ਡੀ.ਐਮ. ਗੁਰਮੀਤ ਕੁਮਾਰ ਬਾਂਸਲ ਨੇ ਮੀਟਿੰਗ ਦੌਰਾਨ ਦ੍ਰਿੜਤਾ ਨਾਲ ਕਿਹਾ ਕਿ ਪਰਾਲੀ ਸਾੜਨ ਸਿਰਫ਼ ਇੱਕ ਕਾਨੂੰਨੀ ਉਲੰਘਣਾ ਨਹੀਂ, ਸਗੋਂ ਇਹ ਸਾਡੇ ਵਾਤਾਵਰਣ, ਸਾਡੇ ਬੱਚਿਆਂ ਦੀ ਸਿਹਤ ਅਤੇ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨਾਲ ਖਿਲਵਾੜ ਹੈ। ਉਨ੍ਹਾਂ ਨੇ ਹਦਾਇਤ ਕੀਤੀ ਕਿ ਹਰੇਕ ਕਲੱਸਟਰ ਅਧਿਕਾਰੀ ਅਤੇ ਨੋਡਲ ਅਫਸਰ ਆਪਣੇ ਖੇਤਰ ਵਿੱਚ ਪੁਲਿਸ ਵਿਭਾਗ ਨਾਲ ਨਿਰੰਤਰ ਤਾਲਮੇਲ ਬਣਾਈ ਰੱਖਣ ਅਤੇ ਸਵੇਰੇ ਤੋਂ ਸ਼ਾਮ ਤੱਕ ਫੀਲਡ ਵਿੱਚ ਰਹਿ ਕੇ ਨਿਗਰਾਨੀ ਕਰਣ। ਉਨ੍ਹਾਂ ਨੇ ਕਿਹਾ ਕਿ ਹਰ ਰੋਜ਼ ਦੀ ਕਾਰਵਾਈ ਦੀ ਰਿਪੋਰਟ ਸਮੇਂ ਸਿਰ ਭੇਜਣੀ ਯਕੀਨੀ ਬਣਾਈ ਜਾਵੇ।

ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਰਕਾਰ ਵੱਲੋਂ ਸਬਸਿਡੀ ਤੇ ਦਿੱਤੀਆਂ ਜਾ ਰਹੀਆਂ ਪਰਾਲੀ ਪ੍ਰਬੰਧਨ ਮਸ਼ੀਨਾਂ ਦਾ ਲਾਭ ਖਾਸ ਕਰਕੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਮਿਲੇ, ਤਾਂ ਜੋ ਕਿਸੇ ਨੂੰ ਵੀ ਅੱਗ ਲਗਾਉਣ ਦੀ ਲੋੜ ਨਾ ਪਵੇ। ਇਸੇ ਤਰ੍ਹਾਂ ਹਰ ਪਿੰਡ ਪੱਧਰ ‘ਤੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਪਰਾਲੀ ਸਾੜਨ ਦੇ ਨੁਕਸਾਨ ਬਾਰੇ ਸਮਝਾਉਣਾ ਹਰੇਕ ਅਧਿਕਾਰੀ ਦੀ ਸਾਂਝੀ ਜ਼ਿੰਮੇਵਾਰੀ ਹੈ।

ਐਸ.ਡੀ.ਐਮ. ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਥਾਣਾ ਇੰਚਾਰਜਾਂ ਨੂੰ ਆਪਣੇ ਖੇਤਰ ਦੇ ਕਲੱਸਟਰ ਅਫਸਰਾਂ ਨਾਲ ਮਿਲ ਕੇ ਤੁਰੰਤ ਕਾਰਵਾਈ ਕਰਨੀ ਹੋਵੇਗੀ ਅਤੇ ਕਿਸੇ ਵੀ ਕਿਸਾਨ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੀ ਘਟਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਪਾਲਣਾ ਸਾਡਾ ਨੈਤਿਕ ਫਰਜ ਹੈ ਅਤੇ ਹਰ ਅਧਿਕਾਰੀ ਨੂੰ ਇਨ੍ਹਾਂ ਦਿਨਾਂ ਵਿੱਚ ਮੈਦਾਨੀ ਪੱਧਰ ‘ਤੇ ਸਰਗਰਮ ਰਹਿਣਾ ਹੋਵੇਗਾ। ਮੀਟਿੰਗ ਦੇ ਅੰਤ ‘ਤੇ ਐਸ.ਡੀ.ਐਮ. ਗੁਰਮੀਤ ਕੁਮਾਰ ਬਾਂਸਲ ਨੇ ਸਾਰੇ ਅਧਿਕਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ “ਆਓ ਅਸੀਂ ਸਭ ਮਿਲ ਕੇ ਉਹ ਦਿਨ ਬਣਾਈਏ ਜਦੋਂ ਅਹਿਮਦਗੜ੍ਹ ਸਬ ਡਵੀਜਨ ‘ਜ਼ੀਰੋ ਬਰਨਿੰਗ ਏਰੀਆ’ ਵਜੋਂ ਜਾਣੀ ਜਾਵੇ। ਇਹ ਸਿਰਫ਼ ਇੱਕ ਟੀਚਾ ਨਹੀਂ- ਸਾਡੇ ਵਾਤਾਵਰਣ ਦੀ ਰੱਖਿਆ, ਸਾਡੇ ਲੋਕਾਂ ਦੀ ਸਿਹਤ ਅਤੇ ਸਾਡੇ ਭਵਿੱਖ ਦੀ ਜ਼ਿੰਮੇਵਾਰੀ ਹੈ।#CMbhagwantsinghmann #Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #publicrelations #mycitymynews #MemberoftheParliament #government #ਪੰਜਾਬ_ਸਰਕਾਰ #newsvartacurrentnews #currentnews #PunjabNews #malerkotla #latestupdates #latestnewsupdate #iasofficer #ipsofficer



