Uncategorized

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ: ਜ਼ਿਲ੍ਹਾ ਬਰਨਾਲਾ ‘ਚ ਗੁਰੂ ਸਾਹਿਬਾਨ ਦੇ 11 ਚਰਨ ਛੋਹ ਥਾਵਾਂ ਵਿਖੇ ਕਰਵਾਏ ਜਾਣਗੇ ਸਮਾਗਮ, ਡਿਪਟੀ ਕਮਿਸ਼ਨਰ

ਕਰਵਾਏ ਜਾਣਗੇ ਸਮਾਗਮ

ਬਰਨਾਲਾ, 21 ਅਕਤੂਬਰ ( ਸੁਨੀਲ ਕੁਮਾਰ ਵਾਸ਼ਿਸ਼ਟ ) ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਨਿਰਸਵਾਰਥ ਕੁਰਬਾਨੀ ਨੂੰ ਯਾਦ ਕਰਦਿਆਂ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬਾਨ ਦਾ 350ਵਾਂ ਸ਼ਹੀਦੀ ਦਿਹਾੜਾ ਵੱਖ ਵੱਖ ਸਮਾਗਮਾਂ ਨਾਲ ਮਨਾਇਆ ਜਾ ਰਿਹਾ ਹੈ । ਇਸ ਕੜੀ ਤਹਿਤ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਥਾਵਾਂ ਉੱਤੇ ਵਿਸ਼ੇਸ਼ ਸਮਾਗਮ, ਵਿਸ਼ਾਲ ਨਗਰ ਕੀਰਤਨ ਅਤੇ ਹੋਰ ਸਮਾਗਮ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਬਰਨਾਲਾ ‘ਚ 5 ਨਵੰਬਰ ਤੋਂ 16 ਨਵੰਬਰ ਤੱਕ 11 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਥਾਵਾਂ ਉੱਤੇ ਕਵੀ ਦਰਬਾਰ/ਕੀਰਤਨ ਸਮਾਗਮ ਕਰਵਾਏ ਜਾਣਗੇ ।
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਪੱਧਰੀ ਸੱਭਿਆਚਰਕ ਕਮੇਟੀ ਦੀ ਵਿਸ਼ੇਸ਼ ਬੈਠਕ ਦੌਰਾਨ ਕੀਤਾ । ਇਹ ਵਿਸ਼ੇਸ਼ ਬੈਠਕ ਗੁਰੂ ਸਾਹਿਬਾਨ ਦੇ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਪ੍ਰਬੰਧਾਂ ਲਈ ਬੁਲਾਈ ਗਈ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 5 ਨਵੰਬਰ ਨੂੰ ਗੁਰਦੁਆਰਾ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਸੇਖਾ ਅਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰੂਸਰ ਸਾਹਿਬ ਕੱਟੂ ਵਿਖੇ ਕਰਵਾਏ ਜਾਣਗੇ। ਇਸੇ ਤਰ੍ਹਾਂ 8 ਨਵੰਬਰ ਨੂੰ ਗੁਰਦੁਆਰਾ ਸੋਹੀਆਣਾ ਸਾਹਿਬ ਪਾਤਸ਼ਾਹੀ ਨੌਵੀਂ ਧੌਲਾ ਅਤੇ ਗੁਰਦੁਆਰਾ ਸ੍ਰੀ ਤੇਗ ਬਹਾਦਰ ਜੀ ਪਾਤਸ਼ਾਹੀ ਨੌਵੀਂ ਪੰਧੇਰ ਵਿਖੇ ਕਰਵਾਏ ਜਾਣਗੇ। 9 ਨਵੰਬਰ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਢਿਲਵਾਂ ਵਿਖੇ ਸਮਾਗਮ ਕਰਵਾਇਆ ਜਾਵੇਗਾ। 14 ਨਵੰਬਰ ਨੂੰ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੁਲੱਮਸਰ ਮੌੜ ਅਤੇ ਗੁਰਦੁਆਰਾ ਦਾਤਨਸਰ ਸਾਹਿਬ ਪਾਤਸ਼ਾਹੀ ਨੌਵੀਂ ਭਗਤਪੁਰਾ ਵਿਖੇ ਕਰਵਾਏ ਜਾਣਗੇ। 15 ਨਵੰਬਰ ਨੂੰ ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ ਕੋਠੇ ਚੁੰਗਾ ਅਤੇ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਨੌਵੀਂ ਪੱਖੋਂ ਕਲਾਂ ਵਿਖੇ ਕਰਵਾਏ ਜਾਣਗੇ। 16 ਨਵੰਬਰ ਨੂੰ ਇਹ ਸਮਾਗਮ ਗੁਰਦੁਆਰਾ ਪਾਤਸ਼ਾਹੀ ਨੌਵੀਂ ਫਰਵਾਹੀ ਅਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਪਾਤਸ਼ਾਹੀ ਨੌਵੀਂ ਭੈਣੀ ਮਹਿਰਾਜ ਵਿਖੇ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਕੱਢੀ ਜਾ ਰਹੀ ਯਾਤਰਾ ਜ਼ਿਲ੍ਹਾ ਬਰਨਾਲਾ ਵਿਖੇ 21 ਨਵੰਬਰ ਨੂੰ ਪੁੱਜੇਗੀ। ਇਹ ਯਾਤਰਾ ਜ਼ਿਲ੍ਹਾ ਬਰਨਾਲਾ ‘ਚ ਗੁਰਦੁਆਰਾ ਸੋਹੀਆਣਾ ਸਾਹਿਬ ਵਿਖੇ ਰੁਕੇਗੀ। ਜ਼ਿਲ੍ਹਾ ਬਠਿੰਡਾ ਤੋਂ ਆ ਰਹੀ ਇਸ ਯਾਤਰਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਅਤੇ ਸ਼ਰਧਾਲੂਆਂ ਵੱਲੋਂ ਗੁਰਦੁਆਰਾ ਸੋਹੀਆਣਾ ਸਾਹਿਬ ਵਿਖੇ ਸਵਾਗਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸੋਹੀਆਣਾ ਸਾਹਿਬ ਤੋਂ ਯਾਤਰਾ ਹੰਡਿਆਇਆ ਵਿਖੇ ਪੁੱਜੇਗੀ। ਹੰਡਿਆਇਆ ਤੋਂ ਕਚਹਿਰੀ ਚੌਂਕ, ਗੁਰਦੁਆਰਾ ਨਾਨਕਸਰ ਸਾਹਿਬ, ਆਈ ਟੀ ਆਈ ਚੌਂਕ ਤੋਂ ਬਡਬਰ ਟੋਲ ਪਲਾਜ਼ਾ ਵਿਖੇ ਪੁੱਜੇਗੀ। ਉਨ੍ਹਾਂ ਹਦਾਇਤ ਕੀਤੀ ਕਿ ਯਾਤਰਾ ਦੇ ਰੂਟ ਦੀ ਚੰਗੀ ਤਰ੍ਹਾਂ ਸਾਫ਼ ਸਫ਼ਾਈ ਕੀਤੀ ਜਾਵੇ, ਸੜਕਾਂ ਦੀ ਮੁਰੰਮਤ ਕੀਤੀ ਜਾਵੇ ਅਤੇ ਇਸ ਗੱਲ ਨੂੰ ਯਕੀਨੀਂ ਬਣਾਇਆ ਜਾਵੇ ਕਿ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੀ ਅਮੁੱਲ ਕੁਰਬਾਨੀ ਬਾਰੇ ਜਾਣੂ ਕਰਵਾਉਣ ਲਈ ਸਕੂਲਾਂ ਅਤੇ ਕਾਲਜਾਂ ‘ਚ ਗੁਰੂ ਜੀ ਸਬੰਧੀ ਜਾਣਕਾਰੀ ਪੂਰਨ ਮੁਕਾਬਲੇ ਕਰਵਾਏ ਜਾਣਗੇ । ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਨਿਰਦੇਸ਼ ਦਿੱਤੇ ਕਿ ਉਹ ਸਕੂਲਾਂ ‘ਚ ਗੁਰੂ ਜੀ ਸਬੰਧੀ ਮੁਕਾਬਲੇ ਕਰਵਾਉਣ ਅਤੇ ਬੱਚਿਆਂ ਨੂੰ ਜਾਗਰੂਕ ਕਰਨ।

Related Articles

Leave a Reply

Your email address will not be published. Required fields are marked *

Back to top button
error: Content is protected !!