Uncategorized

ਪਰਾਲੀ ਪ੍ਰਬੰਧਨ ਵੱਲ ਪ੍ਰਗਤੀ ਦੀ ਨਵੀਂ ਰਾਹ-ਪਿੰਡ ਰਾਣਵਾਂ ਦੇ ਕਿਸਾਨ ਹੁਸ਼ਿਆਰ ਸਿੰਘ ਰਾਣੂ ਦੀ ਪ੍ਰੇਰਣਾਦਾਇਕ ਸੋਚ – ਪਿੰਡ ਰਾਣਵਾਂ ਦੇ ਪ੍ਰਗਤੀਸ਼ੀਲ ਕਿਸਾਨ ਦੀ

ਪਿੰਡ ਰਾਣਵਾਂ ਦੇ ਪ੍ਰਗਤੀਸ਼ੀਲ ਕਿਸਾਨ ਦੀ ਨਿਵੇਕਲੀ ਸੋਚ ਪਰਾਲੀ ਪ੍ਰਬੰਧਨ ਲਈ ਬਣੀ ਨਵੀਂ ਆਸ ਦੀ ਕਿਰਨ -ਵਿਰਾਜ ਐਸ. ਤਿੜਕੇ

ਮਾਲੇਰਕੋਟਲਾ, 30 ਅਕਤੂਬਰ ( ਬਿਊਰੋ, ਦਲਜਿੰਦਰ ਸਿੰਘ ਚੀਮਾਂ ) ਪਿੰਡ ਰਾਣਵਾਂ ਦੇ ਅਗਾਂਹਵਧੂ ਕਿਸਾਨ ਹੁਸ਼ਿਆਰ ਸਿੰਘ ਰਾਣੂ ਦੀ ਨਿਵੇਕਲੀ ਸੋਚ ਪਰਾਲੀ ਪ੍ਰਬੰਧਨ ਲਈ ਇੱਕ ਨਵੀਂ ਆਸ ਦੀ ਕਿਰਣ ਬਣ ਕੇ ਉਭਰੀ ਹੈ। ਉਨ੍ਹਾਂ ਵੱਲੋਂ ਖੇਤੀ ਪ੍ਰਣਾਲੀ ਵਿੱਚ ਕੀਤੀ ਗਈ ਨਵੀਂ ਸ਼ੁਰੂਆਤ ਨਾ ਸਿਰਫ਼ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖੇਗੀ, ਸਗੋਂ ਪਰਾਲੀ ਸਾੜਨ ਦੀ ਸਮੱਸਿਆ ਦਾ ਵੀ ਟਿਕਾਊ ਹੱਲ ਪੇਸ਼ ਕਰੇਗੀ।
/>
ਹੁਸ਼ਿਆਰ ਸਿੰਘ ਰਾਣੂ ਨੇ ਪਰਿਵਾਰਕ 20 ਏਕੜ ਖੇਤਾਂ ਵਿੱਚੋਂ 10 ਏਕੜ ਰਕਬੇ ਵਿੱਚ ਬੈੱਡ ਪ੍ਰਣਾਲੀ ਅਧਾਰਿਤ ਖੇਤੀ ਸ਼ੁਰੂ ਕੀਤੀ ਹੈ, ਜਿਸ ਵਿੱਚ ਕਣਕ ਦੀ ਸੋਨਾ ਮੋਤੀ, ਸ਼ਰਬਤੀ, ਚਪਾਤੀ, ਪੀ.ਬੀ.ਡਬਲਿਓ. 872, ਪੀ.ਬੀ.ਡਬਲਿਓ. 826 ਕਿਸਮਾਂ ਦੇ ਨਾਲ ਛੋਲੇ ਅਤੇ ਸਰੋਂ ਦੀ ਬਿਜਾਈ ਕੀਤੀ ਗਈ ਹੈ। ਇਹ ਖੇਤੀ ਪੂਰੀ ਤਰ੍ਹਾਂ ਰਸਾਇਣ, ਨਦੀਨ ਨਾਸ਼ਕ ਅਤੇ ਕੀੜੇਮਾਰ ਦਵਾਈਆਂ ਤੋਂ ਰਹਿਤ ਹੈ। ਉਨ੍ਹਾਂ ਨੇ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਗੁਰਬਾਣੀ ਤੁਕ ਦੇ ਸਿਧਾਂਤ ‘ਤੇ ਅਧਾਰਿਤ “ਗੁਰੂ ਨਾਨਕ ਖੇਤੀ ਪੈਦਾਵਾਰ” ਬੈਨਰ ਹੇਠ ਇਹ ਉਪਰਾਲਾ ਸ਼ੁਰੂ ਕੀਤਾ ਹੈ, ਜਿਸਦਾ ਮੁੱਖ ਮੰਤਵ ਹਵਾ, ਪਾਣੀ ਅਤੇ ਧਰਤੀ ਦੀ ਸੰਭਾਲ ਕਰਦਿਆਂ ਪਵਿੱਤਰ ਤੱਤਾਂ ਦੀ ਰੱਖਿਆ ਕਰਨੀ ਹੈ।

ਉਨ੍ਹਾਂ ਨੇ ਦੱਸਿਆ ਕਿ ਰੇਂਜਡ ਬੈੱਡ ਪ੍ਰਣਾਲੀ ਤਹਿਤ ਹਰ ਤਰ੍ਹਾਂ ਦੇ ਅਨਾਜ, ਦਾਲਾਂ, ਸਬਜ਼ੀਆਂ, ਚਾਰੇ ਅਤੇ ਫਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਇਸ ਪ੍ਰਣਾਲੀ ਵਿੱਚ ਹਰ ਵਾਰੀ ਵਾਹੀ ਕਰਨ ਦੀ ਲੋੜ ਨਹੀਂ ਰਹਿੰਦੀ ਅਤੇ ਫ਼ਸਲ ਦੀ ਰਹਿੰਦ-ਖੂਹੰਦ ਨੂੰ ਖੇਤ ਵਿੱਚ ਹੀ ਰਲਾ ਕੇ ਧਰਤ ਨੂੰ ਵਾਪਸ ਕਰ ਦਿਤੀ ਜਾਂਦੀ ਹੈ। ਇਸ ਨਾਲ ਫਸਲ ਦੀ ਲਾਗਤ ਘਟਦੀ ਹੈ, ਮਿੱਟੀ ਵਿੱਚ ਜੈਵਿਕ ਮਾਦਾ ਵਧਦਾ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਕਾਇਮ ਰਹਿੰਦੀ ਹੈ।

ਹੁਸ਼ਿਆਰ ਸਿੰਘ ਰਾਣੂ ਨੇ ਕਿਹਾ ਕਿ ਕੋਈ ਇਸਨੂੰ ਆਰਗੈਨਿਕ, ਕੋਈ ਜ਼ੀਰੋ ਬਜਟ ਜਾਂ ਕੁਦਰਤੀ ਖੇਤੀ ਕਹਿੰਦਾ ਹੈ, ਪਰ ਉਹ ਇਸਨੂੰ ਰੀਜਨਰੇਟਿਵ ਅਤੇ ਟਿਕਾਊ ਫਾਰਮਿੰਗ ਮੰਨਦੇ ਹਨ। ਇਹ ਪ੍ਰਣਾਲੀ ਸਿਰਫ਼ ਖੇਤੀ ਹੀ ਨਹੀਂ, ਸਗੋਂ ਧਾਰਮਿਕ ਗਤੀਵਿਧੀ ਅਤੇ ਪ੍ਰਕਿਰਤੀ ਨਾਲ ਸਾਂਝ (ਹਾਰਮਨੀ ਵਿਦ ਨੇਚਰ) ਦੀ ਪ੍ਰਤੀਕ ਹੈ।
ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਹੁਸ਼ਿਆਰ ਸਿੰਘ ਰਾਣੂ ਨੂੰ ਵਧਾਈ ਦਿੰਦਿਆਂ ਕਿਹਾ ਕਿ “ਇਹ ਪ੍ਰਗਤੀਸ਼ੀਲ ਕਿਸਾਨ ਵੱਲੋਂ ਟਿਕਾਊ ਅਤੇ ਕੁਸ਼ਲ ਖੇਤੀ ਪ੍ਰਣਾਲੀ ਅਪਣਾਉਣ ਦਾ ਕਦਮ ਹੋਰ ਕਿਸਾਨਾਂ ਲਈ ਪ੍ਰੇਰਣਾਦਾਇਕ ਹੈ। ਇਨ੍ਹਾਂ ਵਰਗੇ ਨਵੇਂ ਉਪਰਾਲੇ ਹੀ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣਗੇ ਅਤੇ ਪ੍ਰਸਾਸ਼ਨ ਵੱਲੋਂ ਇਸ ਤਰ੍ਹਾਂ ਦੇ ਨਵੇਂ ਉੱਦਮਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।”

ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ “ਹੁਸ਼ਿਆਰ ਸਿੰਘ ਰਾਣੂ ਵੱਲੋਂ ਅਪਣਾਈ ਗਈ ਇਹ ਰੀਜਨਰੇਟਿਵ ਫਾਰਮਿੰਗ ਵਾਤਾਵਰਣ ਮਿੱਤਰ ਖੇਤੀ ਦੀ ਜੀਵਤ ਮਿਸਾਲ ਹੈ। ਇਹ ਖੇਤੀ ਪ੍ਰਣਾਲੀ ਪਾਣੀ ਦੀ ਬੱਚਤ, ਪ੍ਰਦੂਸ਼ਣ ਰੋਕਥਾਮ ਅਤੇ ਮਿੱਟੀ ਦੀ ਗੁਣਵੱਤਾ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਇਸ ਤਰੀਕੇ ਨਾਲ ਤਿਆਰ ਖੇਤੀ ਉਪਜ ਵਿੱਚ ਮਨੁੱਖੀ ਸਰੀਰ ਲਈ ਲੋੜੀਂਦੇ ਖ਼ੁਰਾਕ ਤੱਤ ਵੀ ਵੱਧ ਮਾਤਰਾ ਵਿੱਚ ਮੌਜੂਦ ਹੋਣਗੇ।”

ਹੁਸ਼ਿਆਰ ਸਿੰਘ ਦਾ ਇਹ ਉੱਦਮ ਦਰਸਾਉਂਦਾ ਹੈ ਕਿ ਜੇ ਇਰਾਦੇ ਸੱਚੇ ਹੋਣ ਤਾਂ ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਕਿਸਾਨਾਂ ਦੇ ਆਪਣੇ ਹੱਥਾਂ ਨਾਲ ਹੀ ਸੰਭਵ ਹੈ। ਇਹ ਨਵੀਂ ਸੋਚ ਸਾਰੇ ਪੰਜਾਬ ਦੇ ਕਿਸਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਖੇਤੀ ਨੂੰ ਟਿਕਾਊ, ਕੁਦਰਤੀ ਤੇ ਲਾਭਕਾਰੀ ਦਿਸ਼ਾ ਵੱਲ ਮੋੜਣ ਦਾ ਨਵਾਂ ਕਦਮ ਸਾਬਤ ਹੋਵੇਗੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਮੁੱਖ ਖੇਤੀਬਾੜੀ ਅਫਸਰ ਧਰਮਿੰਦਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਲਾਜਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਸਤਿੰਦਰ ਕੌਰ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!