ਸ਼ਹੀਦ ਪੁਲਿਸ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ
ਸ਼ਰਧਾਂਜਲੀ ਸਮਾਰੋਹ ਦਾ ਆਯੋਜਨ

ਫ਼ਰੀਦਕੋਟ, 21 ਅਕਤੂਬਰ ( ਬਿਊਰੋ, ਵਾਸ਼ਿਸ਼ਟ ) ਆਪਣੀ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਦੀ ਯਾਦ ਵਿੱਚ ਪੁਲਿਸ ਲਾਈਨ ਫ਼ਰੀਦਕੋਟ ਵਿਖੇ ਪੁਲਿਸ ਕਮੈਮੋਰੇਸ਼ਨ ਡੇਅ ਸਮਾਰੋਹ ਮਨਾਇਆ ਗਿਆ।
ਇਸ ਮੌਕੇ ਡੀ.ਆਈ.ਜੀ ਫ਼ਰੀਦਕੋਟ ਰੇਂਜ਼ ਮੈਡਮ ਨਿਲਾਂਬਰੀ ਜਗਦਲੇ, ਐਸ.ਐਸ.ਪੀ ਡਾ. ਪ੍ਰਗਿਆ ਜੈਨ. ਜੀ.ਏ ਸ. ਗੁਰਕਿਰਨਦੀਪ ਸਿੰਘ ਹੋਰ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜਰ ਸਨ।
ਆਪਣੇ ਸੰਬੋਧਨ ਵਿੱਚ ਡੀ.ਆਈ.ਜੀ ਮੈਡਮ ਨਿਲਾਂਬਰੀ ਜਗਦਲੇ ਨੇ ਕਿਹਾ ਕਿ 21 ਅਕਤੂਬਰ ਨੂੰ ਦੇਸ਼ ਭਰ ਵਿੱਚ ਉਹ ਬਹਾਦਰ ਪੁਲਿਸ ਜਵਾਨ ਯਾਦ ਕੀਤੇ ਜਾਂਦੇ ਹਨ ਜਿਨ੍ਹਾਂ ਨੇ ਕਾਨੂੰਨ-ਵਿਵਸਥਾ ਦੀ ਰਾਖੀ ਦੌਰਾਨ ਆਪਣੀ ਜਾਨ ਕੁਰਬਾਨ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਅਮਰ ਕੁਰਬਾਨੀਆਂ ਸਦਕਾ ਹੀ ਅਸੀਂ ਅਮਨ ਤੇ ਸੁਰੱਖਿਆ ਵਾਲਾ ਜੀਵਨ ਜੀ ਰਹੇ ਹਾਂ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਅਦੁੱਤੀ ਬਹਾਦਰੀ ਸਾਨੂੰ ਆਪਣੀ ਡਿਊਟੀ ਇਮਾਨਦਾਰੀ, ਸਮਰਪਣ ਅਤੇ ਨਿਭੇੜੇ ਨਾਲ ਕਰਨ ਲਈ ਪ੍ਰੇਰਿਤ ਕਰਦੀ ਹੈ।
ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਚੀਨ ਅਤੇ ਲਦਾਖ ਖੇਤਰ ਵਿੱਚ ਹਮਲੇ ਦੌਰਾਨ ਸ਼ਹੀਦ ਹੋਏ ਪੁਲਿਸ ਜਵਾਨਾਂ ਦੀਆਂ ਕੁਰਬਾਨੀਆਂ ਹਮੇਸ਼ਾਂ ਸਾਡੀ ਪ੍ਰੇਰਣਾ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਹ ਸ਼ਹੀਦ ਸਦੀਵ ਹੀ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਲਈ ਚਾਨਣ ਮੁਨਾਰੇ ਵਜੋਂ ਰਹਿਣਗੇ। ਇਸ ਮੌਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ । ਹਾਜ਼ਰ ਲੋਕਾਂ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਐਸ.ਐਮ.ਓ ਸ੍ਰੀ ਰਾਜੀਵ ਭੰਡਾਰੀ, ਡਾ. ਹਰਜੋਤ ਸਿੰਘ ਸਮੇਤ ਫਰੀਦਕੋਟ ਜਿਲ੍ਹੇ ਦੇ ਸਮੂਹ ਸੀਨੀਅਰ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।




